ਕਈ ਕੇਂਦਰੀ ਮੰਤਰੀ ਤੇ ਅਧਿਕਾਰੀ ਦਫ਼ਤਰਾਂ 'ਚ ਪੁੱਜੇ, ਕੰਮ ਸ਼ੁਰੂ ਕੀਤਾ
ਕੋਰੋਨਾ ਵਾਇਰਸ ਕਾਰਨ ਕਈ ਦਿਨਾਂ ਤੋਂ ਘਰੋਂ ਹੀ ਕੰਮ ਕਰ ਰਹੇ ਸਨ
ਨਵੀਂ ਦਿੱਲੀ, 13 ਅਪ੍ਰੈਲ: ਕਈ ਕੇਂਦਰੀ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਸੋਮਵਾਰ ਤੋਂ ਆਪੋ ਅਪਣੇ ਦਫ਼ਤਰਾਂ ਵਿਚ ਕੰਮ ਕਰਨਾ ਸ਼ੁਰੂ ਕਰ ਦਿਤਾ। ਉਧਰ, ਸਰਕਾਰ ਨੇ ਕੋਰੋਨਾ ਵਾਇਰਸ ਸੰਕਟ ਕਾਰਨ ਬਣੇ ਹਾਲਾਤ ਨਾਲ ਨਜਿੱਠਣ ਲਈ ਯਤਨ ਤੇਜ਼ ਕਰ ਦਿਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਦਫ਼ਤਰਾਂ ਵਿਚ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਮੰਤਰਾਲਿਆਂ ਨੇ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ। ਉਂਜ ਕੁੱਝ ਮੰਤਰੀ ਘਰੋਂ ਕੰਮ ਕਰ ਰਹੇ ਹਨ।
ਇਨ੍ਹਾਂ ਮੰਤਰੀਆਂ ਵਿਚ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰਨ, ਘੱਟਗਿਣਤੀ ਮਾਮਲਿਆਂ ਦੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ, ਰੇਲ ਮੰਤਰੀ ਪੀਯੂਸ਼ ਗੋਇਲ, ਖੇਡ ਮੰਤਰੀ ਕਿਰੇਨ ਰਿਜਿਜੂ, ਸਭਿਆਚਾਰ ਮੰਤਰੀ ਪ੍ਰਹਿਲਾਦ ਪਟੇਲ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਾਗੂ ਕੀਤੀ ਗਈ ਤਾਲਾਬੰਦੀ 14 ਅਪ੍ਰੈਲ ਨੂੰ ਖ਼ਤਮ ਹੋ ਰਹੀ ਹੈ। ਸੂਤਰਾਂ ਮੁਤਾਬਕ 14 ਅਪ੍ਰੈਲ ਤੋਂ ਤਾਲਾਬੰਦੀ ਵਿਚ ਕੁੱਝ ਢਿੱਲ ਮਿਲ ਸਕਦੀ ਹੈ ਕਿਉਂਕਿ ਇਸ ਦਾ ਝਲਕਾਰਾ ਮੰਤਰੀਆਂ ਦੇ ਅੱਜ ਦਫ਼ਤਰਾਂ ਵਿਚ ਜਾ ਕੇ ਕੰਮ ਕਰਨ ਤੋਂ ਮਿਲ ਗਿਆ।
ਕੇਂਦਰੀ ਮੰਤਰੀ ਜਤਿੰਦਰ ਸਿੰਘ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਅਤੇ ਲੋਕ ਸ਼ਿਕਾਇਤ ਤੇ ਪੈਨਸ਼ਨ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸੋਮਵਾਰ ਨੂੰ ਅਪਣੇ ਦਫ਼ਤਰਾਂ ਤੋਂ ਕੰਮ ਕਰਨਾ ਸ਼ੁਰੂ ਕਰ ਦਿਤਾ। ਅਧਿਕਾਰੀਆਂ ਨੇ ਦਸਿਆ ਕਿ ਕੋਰੋਨਾ ਵਾਇਰਸ ਸੰਸਾਰ ਮਹਾਮਾਰੀ ਕਾਰਨ ਲਗਭਗ ਇਕ ਮਹੀਨੇ ਪਹਿਲਾਂ ਉਨ੍ਹਾਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਦਸਿਆ ਕਿ ਪਰਸੋਨਲ ਮੰਤਰੀ ਜਤਿੰਦਰ ਸਿੰਘ ਨਾਰਥ ਬਲਾਕ ਵਾਲੇ ਅਪਣੇ ਦਫ਼ਤਰ ਪੁੱਜੇ ਅਤੇ ਕੰਮ ਦਾ ਜਾਇਜ਼ਾ ਲਿਆ।
ਅਧਿਕਾਰੀਆਂ ਮੁਤਾਬਕ ਇਸ ਮੰਤਰਾਲੇ ਤਹਿਤ ਆਉਣ ਵਾਲੇ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਵੀਡੀਉ ਕਾਨਫ਼ਰੰਸ ਜ਼ਰੀਏ ਬੈਠਕ ਕੀਤੀ ਗਈ। ਮੰਤਰਾਲੇ ਦੇ ਸਾਰੇ ਸੀਨੀਅਰ ਅਧਿਕਾਰੀ ਦਫ਼ਤਰਾਂ ਵਿਚ ਪੁੱਜੇ। ਕੇਂਦਰ ਸਰਕਾਰ ਨੇ ਮੰਤਰੀ ਪਰਿਸ਼ਦ ਤੋਂ ਇਲਾਵਾ ਸੰਯੁਕਤ ਸਕੱਤਰ ਅਤੇ ਉਸ ਤੋਂ ਉਪਰਲੇ ਅਧਿਕਾਰੀਆਂ ਨੂੰ ਸੋਮਵਾਰ ਨੂੰ ਕੰਮ ਸ਼ੁਰੂ ਕਰਨ ਲਈ ਕਿਹਾ ਸੀ।
ਅੱਜ ਸਵੇਰੇ 10 ਵਜੇ ਦੇਸ਼ ਨੂੰ ਸੰਬੋਧਤ ਕਰਨਗੇ ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 13 ਅਪ੍ਰੈਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸਵੇਰੇ 10 ਵਜੇ ਦੇਸ਼ ਨੂੰ ਸੰਬੋਧਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਜਾਣਕਾਰੀ ਦਿਤੀ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ 21 ਦਿਨਾਂ ਦੀ ਤਾਲਾਬੰਦੀ ਦੀ ਮਿਆਦ ਮੰਗਲਵਾਰ ਨੂੰ ਖ਼ਤਮ ਹੋ ਰਹੀ ਹੈ ਅਤੇ ਪ੍ਰਧਾਨ ਮੰਤਰੀ ਇਸ ਦੇ ਸੰਭਾਵੀ ਵਿਸਤਾਰ ਬਾਰੇ ਐਲਾਨ ਕਰ ਸਕਦੇ ਹਨ।