ਸੁਰੱਖਿਆ ਕਿੱਟਾਂ ਨਾ ਮਿਲਣ ਕਾਰਨ ਪੱਲੇਦਾਰਾਂ ਵਲੋਂ ਹੜਤਾਲ ਦਾ ਐਲਾਨ
ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਸੁਨਾਮ ਦੇ ਦਫ਼ਤਰ 'ਚ ਸੁਰੱਖਿਆ ਕਿੱਟਾਂ ਅਤੇ ਅਪਣੀਆਂ ਮੁਸ਼ਕਲਾਂ ਨੂੰ ਲੈ ਕੇ ਪੱਲੇਦਾਰ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ
ਸੁਨਾਮ ਊਧਮ ਸਿੰਘ ਵਾਲਾ, 13 ਅਪ੍ਰੈਲ (ਦਰਸ਼ਨ ਸਿੰਘ ਚੌਹਾਨ): ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਸੁਨਾਮ ਦੇ ਦਫ਼ਤਰ 'ਚ ਸੁਰੱਖਿਆ ਕਿੱਟਾਂ ਅਤੇ ਅਪਣੀਆਂ ਮੁਸ਼ਕਲਾਂ ਨੂੰ ਲੈ ਕੇ ਪੱਲੇਦਾਰ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਵਲੋਂ ਪੰਜਾਬ ਸਰਕਾਰ ਵਿਰੁਧ ਰੋਸ ਪ੍ਰਗਟ ਕੀਤਾ ਗਿਆ।
ਪੱਲੇਦਾਰ ਯੂਨੀਅਨ ਦੇ ਪ੍ਰਧਾਨ ਚੂਹੜ ਸਿੰਘ ਨੇ ਕਿਹਾ ਕਿ ਕੰਮ ਦੇ ਠੇਕੇ ਦੀ ਮਿਆਦ 31 ਮਾਰਚ ਲੰਘ ਜਾਣ ਦੇ ਬਾਵਜੂਦ ਅਸੀਂ ਲਾਕਡਾਊਨ ਦੌਰਾਨ ਲੋਕਾਂ ਨੂੰ ਅਨਾਜ ਦੀ ਕਿੱਲਤ ਨਾ ਆਵੇ, ਕੋਰੋਨਾ ਮਹਾਂਮਾਰੀ ਸਮੇਂ ਵੀ ਢੋਆ-ਢੋਆਈ ਦਾ ਕੰਮ ਨਿਰਵਿਘਨ ਕਰ ਰਹੇ ਹਾਂ।
ਚੂਹੜ ਸਿੰਘ ਨੇ ਕਿਹਾ ਕਿ ਹਾਲੇ ਤਕ ਸਾਨੂੰ ਸਰਕਾਰ ਵਲੋਂ ਸੁਰੱਖਿਆ ਲਈ ਕੋਈ ਸੁਰੱਖਿਆ ਕਿੱਟਾਂ ਨਹੀਂ ਦਿਤੀਆਂ ਗਈਆਂ। ਯੂਨੀਅਨ ਦੇ ਪ੍ਰਧਾਨ ਚੂਹੜ ਸਿੰਘ ਨੇ ਕਿਹਾ ਕਿ ਜੇ ਸਰਕਾਰ ਨੇ ਸਾਨੂੰ ਜਲਦੀ ਸੁਰੱਖਿਆ ਕਿੱਟਾਂ ਅਤੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ 13 ਅਪ੍ਰੈਲ ਤੋਂ ਬਾਅਦ ਕੰਮ ਦਾ ਬਾਈਕਾਟ ਕਰ ਕੇ ਹੜਤਾਲ ਕਰਨ ਲਈ ਮਜਬੂਰ ਹੋਵਾਂਗੇ।
ਪੱਲੇਦਾਰ ਯੂਨੀਅਨ ਦੇ ਦਫ਼ਤਰ 'ਚ ਪੱਲੇਦਾਰਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਮੀਤ ਪ੍ਰਧਾਨ ਕਾਮਰੇਡ ਭੂਪ ਚੰਦ ਚੰਨੋ ਅਤੇ ਨੌਜਵਾਨ ਆਗੂ ਕਾਮਰੇਡ ਵਰਿੰਦਰ ਕੌਸ਼ਿਕ ਹੋਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੱਲੇਦਾਰਾਂ ਨੂੰ ਜਲਦੀ ਤੋਂ ਜਲਦੀ ਸੁਰੱਖਿਆ ਕਿੱਟਾਂ ਭੇਜੀਆਂ ਜਾਣ, 404 ਪੱਲੇਦਾਰ ਢੋਆ-ਢੋਆਈ ਕਰਦੇ ਸਮੇਂ ਜੇ ਕੋਈ ਹਾਦਸਾ ਵਪਰਦਾ ਹੈ ਤਾਂ ਇਹ ਪੰਜਾਬ ਲਈ ਵੱਡਾ ਸੰਕਟ ਬਣ ਸਕਦਾ ਹੈ।
ਬਠਿੰਡਾ, ਮਾਨਸਾ, ਸੰਗਰੂਰ 'ਚ ਜਿਥੇ ਪੱਲੇਦਾਰਾਂ ਨੂੰ ਪ੍ਰਤੀ ਬੋਰੀ 3 ਰੁਪਏ 50 ਪੈਸੇ ਦਿਤੇ ਜਾਂਦੇ ਹਨ, ਉਥੇ ਸੁਨਾਮ ਦੇ ਪੱਲੇਦਾਰਾਂ ਨੂੰ 1 ਰੁਪਏ 60 ਪੈਸੇ ਪ੍ਰਤੀ ਬੋਰੀ ਦੇ ਹਿਸਾਬ ਨਾਲ ਦਿਤੇ ਜਾਂਦੇ ਹਨ। ਕੀਤੀ ਜਾਂਦੀ ਲੁੱਟ ਰੋਕਣ ਲਈ ਉਨ੍ਹਾਂ ਨੂੰ ਵੀ 3 ਰੁਪਏ 50 ਪੈਸੇ ਪ੍ਰਤੀ ਬੋਰੀ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਵੇ। ਢੋਆ-ਢੋਆਈ ਤੋਂ ਪਹਿਲਾਂ ਸੈਨੇਟਾਈਜ਼ਰ ਦਾ ਛਿੜਕਾ ਕਰਵਾਇਆ ਜਾਵੇ, 404 ਪੱਲੇਦਾਰ ਸਾਥੀਆਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਪੱਲੇਦਾਰਾਂ ਦੀ ਸੁਰੱਖਿਆ ਲਈ ਇਨ੍ਹਾਂ ਦਾ ਜੀਵਨ ਬੀਮਾ ਕੀਤਾ ਜਾਵੇ। ਇਨ੍ਹਾਂ ਗ਼ਰੀਬ ਪੱਲੇਦਾਰਾਂ ਦੇ ਘਰਾਂ 'ਚ ਰਾਸ਼ਨ ਦੀਆਂ ਜ਼ਰੂਰੀ ਵਸਤਾਂ ਭੇਜੀਆਂ ਜਾਣ। ਇਸ ਮੌਕੇ ਦੀਪ ਸਿੰਘ ਸਾਬਕਾ ਪ੍ਰਧਾਨ ਨੀਲੋਵਾਲ, ਗਮਦੂਰ ਸਿੰਘ ਸਕੱਤਰ, ਜਸਵੰਤ ਸਿੰਘ ਗੰਢੂਆਂ, ਦੀਪੂ ਮੈਂਬਰ, ਕਾਲਾ ਸਿੰਘ ਮੰਡੇਰ ਕੇਵਲ ਸਿੰਘ ਜਖੇਪਲ ਆਦਿ ਹਾਜ਼ਰ ਸਨ।