ਸੰਗਰੂਰ ਦੇ ਪਿੰਡਾਂ 'ਚ ਖ਼ਾਲੀ ਬਰਤਨ ਖੜਕਾ ਕੇ ਕੀਤਾ ਪ੍ਰਦਰਸ਼ਨ
ਸੀਪੀਆਈ ਐਮਐਲ ਲਿਬਰੇਸ਼ਨ ਦੀ ਕੇਂਦਰੀ ਕਮੇਟੀ ਦੇ ਸੱਦੇ 'ਤੇ ਅੱਜ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਪਿੰਡਾਂ 'ਚ ਖਾਲੀ ਬਰਤਨ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਸੁਨਾਮ ਊਧਮ ਸਿੰਘ ਵਾਲਾ (ਦਰਸ਼ਨ ਸਿੰਘ ਚੌਹਾਨ): ਸੀਪੀਆਈ ਐਮਐਲ ਲਿਬਰੇਸ਼ਨ ਦੀ ਕੇਂਦਰੀ ਕਮੇਟੀ ਦੇ ਸੱਦੇ 'ਤੇ ਅੱਜ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਪਿੰਡਾਂ 'ਚ ਖਾਲੀ ਬਰਤਨ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਇਥੇ ਪ੍ਰੈੱਸ ਨੂੰ ਲਿਖਤੀ ਜਾਣਕਾਰੀ ਦਿੰਦਿਆਂ ਸੀਪੀਆਈ ਐਮਐਲ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕੋਰੋਨਾ ਵਾਇਰਸ ਕਾਰਨ ਭਾਰਤ ਸਰਕਾਰ ਨੇ ਪਿਛਲੇ 22 ਦਿਨਾਂ ਤੋਂ ਲਗਾਤਾਰ ਲੌਕਡਾਊਨ ਕੀਤਾ ਹੋਇਆ ਹੈ ਜਿਸ ਕਾਰਨ ਮਜ਼ਦੂਰ ਅਤੇ ਦੁਕਾਨਦਾਰ, ਹੋਰ ਕਾਰੋਬਾਰੀ ਵੀ ਭੁੱਖੇ ਮਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲਾਭਪਾਤਰੀਆਂ ਅਤੇ ਮਨਰੇਗਾ ਤਹਿਤ ਜੌਬ ਕਾਰਡਾਂ ਵਾਲੇ ਮਜ਼ਦੂਰਾਂ ਨੂੰ 3 ਹਜ਼ਾਰ ਰੁਪਏ ਖਾਤੇ ਵਿਚ ਪਾਉਣ ਦਾ ਵਾਅਦਾ ਕੀਤਾ ਸੀ
ਪਰ ਨਾ ਤਾਂ ਸਮੁੱਚੇ ਮਜ਼ਦੂਰਾਂ ਨੂੰ ਹੁਣ ਤਕ ਪੈਸੇ ਮਿਲੇ, ਨਾ ਸਾਰੇ ਪਿੰਡਾਂ ਵਿਚ ਰਾਸ਼ਨ ਦਿਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ 'ਚ ਕੁਝ ਪੰਚਾਇਤਾਂ ਨੇ ਅਪਣੇ ਚਹੇਤਿਆਂ ਨੂੰ ਰਾਸ਼ਨ ਦੇ ਕੇ ਕਾਣੀ ਵੰਡ ਕੀਤੀ ਹੈ। ਇਸ ਮੌਕੇ ਪੁਲਿਸ ਵਲੋਂ ਸੀਪੀਆਈ ਐਮਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਨੂੰ ਲੋਕਾਂ ਦੀ ਆਵਾਜ਼ ਬੁਲੰਦ ਕਰਨ 'ਤੇ ਗ੍ਰਿਫ਼ਤਾਰ ਕਰਨ ਦੀ ਸਖਤ ਨਿਖੇਧੀ ਕੀਤੀ ਗਈ ਹੈ। ਰੋਸ ਵਜੋਂ ਪਿੰਡ ਛਾਜਲੀ, ਖੋਖਰ ਕਲਾਂ, ਚੋਟੀਆਂ, ਬੱਲਰਾਂ ਵਿਖੇ ਖਾਲੀ ਬਰਤਨ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਗੁਰਬਚਨ ਸਿੰਘ ਬੱਲਰਾਂ, ਫਕੀਰ ਚੰਦ ਚੋਟੀਆਂ, ਤਰਸੇਮ ਸਿੰਘ ਖੋਖਰ, ਨਾਥ ਸਿੰਘ ਛਾਜਲੀ, ਗੁਰਜੰਟ ਸਿੰਘ ਛਾਜਲੀ ਆਦਿ ਹਾਜ਼ਰ ਸਨ।