'ਕੋਰੋਨਾ' ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ 43 ਵਿਅਕਤੀਆਂ ਦੇ ਜਾਂਚ ਲਈ ਭੇਜੇ ਸੈਂਪਲ
ਜ਼ਿਲ੍ਹੇ ਭਰ ਦੇ ਵੱਖ-ਵੱਖ ਹਿੱਸਿਆਂ ਦੇ ਇਕਾਂਤਵਾਸ 'ਚ ਰਹਿ ਰਹੇ ਹਨ 88 ਵਿਅਕਤੀ!
ਫਰੀਦਕੋਟ, 13 ਅਪ੍ਰੈਲ (ਗੁਰਿੰਦਰ ਸਿੰਘ/ਲਖਵਿੰਦਰ ਹਾਲੀ) : ਜ਼ਿਲ੍ਹੇ ਅੰਦਰ 'ਕੋਵਿਡ-19' ਦੀ ਰੋਕਥਾਮ ਅਤੇ ਕੰਟਰੋਲ ਕਰਨ ਹਿੱਤ ਵਿਭਾਗ ਦੀਆਂ ਗਠਿਤ ਕੀਤੀਆਂ ਵੱਖ-ਵੱਖ ਟੀਮਾਂ ਵਲੋਂ ਪਾਜ਼ੇਟਿਵ ਕੋਰੋਨਾ ਕੇਸ ਦੇ ਸੰਪਰਕ 'ਚ ਆਏ ਵਿਅਕਤੀਆਂ ਦੀ ਮੈਡੀਕਲ ਜਾਂਚ ਅਤੇ ਕੁੱਲ 3 ਪਾਜ਼ੇਟਿਵ ਕੇਸਾਂ ਦੇ ਰਿਹਾਇਸ਼ੀ ਖੇਤਰ ਦਾ ਸਰਵੇ, ਸ਼ੱਕੀ ਮਰੀਜ਼ਾਂ ਦੀ ਮੈਡੀਕਲ ਸਕਰੀਨਿੰਗ ਅਤੇ ਸੈਂਪਲ ਲੈਣ ਸਬੰਧੀ ਸਰਗਰਮੀਆਂ ਅਮਲ 'ਚ ਲਿਆਂਦੀਆਂ ਜਾ ਰਹੀਆਂ ਹਨ।
ਇਹ ਜਾਣਕਾਰੀ ਦਿੰਦਿਆਂ ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਫਰੀਦਕੋਟ ਨੇ ਦੱਸਿਆ ਕਿ ਇਸ ਭਿਆਨਕ ਬਿਮਾਰੀ ਤੋਂ ਜਾਗਰੂਕ ਕਰਨ ਅਤੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਸਬੰਧੀ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਆਰ.ਆਰ.ਟੀ. ਟੀਮਾਂ ਸ਼ੱਕੀ ਮਰੀਜ਼ਾਂ ਨੂੰ ਫ਼ਲੂ ਕੋਰਨਰ 'ਤੇ ਲਿਆ ਕੇ ਉਨਾਂ ਦੀ ਮੈਡੀਕਲ ਜਾਂਚ ਕਰਵਾ ਰਹੀਆਂ ਹਨ ਤਾਂ ਜੋ ਕੋਈ ਵੀ ਸ਼ੱਕੀ ਮਰੀਜ਼ ਸਕਰੀਨਿੰਗ ਤੋਂ ਵਾਂਝਾ ਨਾ ਰਹਿ ਜਾਵੇ।
ਉਨ੍ਹਾਂ ਲੋਕਾਂ ਨੂੰ ਆਪਸੀ ਦੂਰੀ ਬਣਾ ਕੇ ਰੱਖਣ ਅਤੇ ਘਰ ਰਹੋ ਸੁਰੱਖਿਅਤ ਰਹੋ, ਦੀ ਅਪੀਲ ਵੀ ਕੀਤੀ। ਇਸ ਮੌਕੇ ਕੋਵਿਡ-19 ਦੇ ਨੋਡਲ ਅਫਸਰ ਡਾ. ਅਨੀਤਾ ਅਤੇ ਡਾ. ਵਿਕਰਮਜੀਤ ਸਿੰਘ ਨੇ ਦਸਿਆ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ 43 ਵਿਅਕਤੀਆਂ ਦੇ ਸੈਂਪਲ ਲੈਬ 'ਚ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਦਸਿਆ ਕਿ ਪਾਜ਼ੇਟਿਵ ਆਏ ਤੀਜੇ ਕੇਸ ਵਲੋਂ ਸ਼ਹਿਰ ਕੋਟਕਪੂਰਾ ਦੇ 2 ਵਿਅਕਤੀਆਂ ਨਾਲ ਸੰਪਰਕ ਹੋਣ ਦਾ ਪਤਾ ਲੱਗਣ 'ਤੇ ਸਿਹਤ ਵਿਭਾਗ ਦੀ ਟੀਮ ਕੋਟਕਪੂਰਾ ਉਨ੍ਹਾਂ ਵਿਅਕਤੀਆਂ ਨੂੰ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਆਈਸੋਲੇਟ ਕਰਨ ਉਪਰੰਤ ਉਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ।