ਸਿਮਰਜੀਤ ਸਿੰਘ ਬੈਂਸ ਤੋਂ ਸੁਰੱਖਿਆ ਲਈ ਵਾਪਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਮਰਜੀਤ ਸਿੰਘ ਬੈਂਸ ਤੋਂ ਸੁਰੱਖਿਆ ਲਈ ਵਾਪਸ

Maan

ਚੰਡੀਗੜ੍ਹ, 14 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪਟਿਆਲਾ ਜ਼ਿਲ੍ਹੇ 'ਚ ਬੀਤੇ ਦਿਨੀਂ ਕਥਿਤ ਨਿਹੰਗਾਂ ਵਲੋਂ ਪੁਲਿਸ ਮੁਲਾਜ਼ਮਾਂ 'ਤੇ ਕੀਤੇ ਮਾਰੂ ਹਮਲੇ ਬਾਰੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਦਿਤਾ ਬਿਆਨ ਉਨ੍ਹਾਂ ਨੂੰ ਮਹਿੰਗਾ ਪੈ ਗਿਆ ਹੈ। ਸਰਕਾਰ ਨੇ ਬੈਂਸ ਨੂੰ ਦਿਤੀ ਪੰਜਾਬ ਪੁਲਿਸ ਦੀ ਸੁਰੱਖਿਆ ਵਾਪਸ ਲੈ ਲਈ ਹੈ। ਉਨ੍ਹਾਂ ਨਾਲ ਤੈਨਾਤ 4 ਸੁਰੱਖਿਆ ਗਾਰਡ ਵਾਪਸ ਬੁਲਾ ਲਏ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਜਵਾਨਾਂ ਨੇ ਬੈਂਸ ਵਲੋਂ ਪਟਿਆਲਾ ਹਮਲੇ ਬਾਰੇ ਦਿਤੇ ਬਿਆਨ ਤੋਂ ਬਾਅਦ ਖ਼ੁਦ ਹੀ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਬੈਂਸ ਦੀ ਸੁਰੱਖਿਆ ਤੋਂ ਹਟਾ ਲਿਆ ਜਾਵੇ। ਇਸ ਤੋਂ ਬਾਅਦ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਫ਼ੈਸਲਾ ਲਿਆ। ਇਸ ਤੋਂ ਇਲਾਵਾ ਪੰਜਾਬ ਦੇ ਕਈ ਅਧਿਕਾਰੀਆਂ ਨੇ ਵੀ ਪਟਿਆਲਾ ਹਮਲੇ ਬਾਰੇ ਬੈਂਸ ਦੇ ਬਿਆਨ 'ਤੇ ਰੋਸ ਪ੍ਰਗਟ ਕਰਦਿਆਂ ਉਨ੍ਹਾਂ ਵਿਰੁਧ ਕਾਰਵਾਈ ਅਤੇ ਸੁਰੱਖਿਆ ਵਾਪਸ ਲੈਣ ਦੀ ਮੰਗ ਕੀਤੀ ਸੀ। ਇਨ੍ਹਾਂ ਮੰਤਰੀਆਂ 'ਚ ਸੁਖਜਿੰਦਰ ਸਿੰਘ ਰੰਧਾਵਾ, ਬਲਵੀਰ ਸਿੰਘ ਸਿੱਧੂ ਅਤੇ ਅਰੁਨਾ ਚੌਧਰੀ ਸ਼ਾਮਲ ਸਨ।

Maan



ਪੁਲਿਸ ਮੁਲਾਜ਼ਮ ਦਾ ਹੱਥ ਵੱਢੇ ਜਾਣ ਨੂੰ ਸਹੀ ਨਹੀਂ ਕਿਹਾ, ਬਲਕਿ ਪੁਲਿਸ ਵਧੀਕੀਆਂ ਦੇ ਸੰਦਰਭ 'ਚ ਦਿਤੀ ਸੀ ਪ੍ਰਤੀਕਿਰਿਆ : ਬੈਂਸ

ਇਸੇ ਦੌਰਾਨ ਬੈਂਸ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲਈ ਜਾਣ ਦੀ ਖ਼ੁਦ ਵੀ ਪੁਸ਼ਟੀ ਕਰਦਿਆਂ ਕਿਹਾ ਕਿ ਬੀਤੀ ਰਾਤ ਹੀ ਸੁਰੱਖਿਆ ਗਾਰਡ ਵਾਪਸ ਬੁਲਾ ਲਏ ਗਏ ਸਨ। ਬੈਂਸ ਨੇ ਪਟਿਆਲਾ ਹਮਲੇ ਬਾਰੇ ਦਿਤੇ ਬਿਆਨ ਬਾਰੇ ਵੀ ਅਪਣਾ ਪੱਖ ਸਾਫ਼ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ਦਾ ਗ਼ਲਤ ਅਰਥ ਲਿਆ ਜਾ ਰਿਹਾ ਹੈ। ਉਨ੍ਹਾਂ ਪੁਲਿਸ ਮੁਲਾਜ਼ਮ ਦਾ ਹੱਥ ਵੱਢੇ ਜਾਣ ਨੂੰ ਬਿਲਕੁਲ ਵੀ ਸਹੀ ਨਹੀਂ ਸੀ ਕਿਹਾ ਬਲਕਿ ਉਨ੍ਹਾਂ ਤਾਂ ਪਿਛਲੇ ਦਿਨਾਂ 'ਚ ਕਰਫ਼ੀਊ ਲਾਗੂ ਕਰਨ ਸਮੇਂ ਲੋਕਾਂ ਨਾਲ ਵਧੀਕੀਆਂ ਕਰਨ ਵਾਲੇ ਪੁਲਿਸ ਵਾਲਿਆਂ ਦੇ ਸੰਦਰਭ 'ਚ ਪ੍ਰਤੀਕਿਰਿਆ ਦਿਤੀ ਸੀ। ਉਨ੍ਹਾਂ ਕਿਹਾ ਸੀ ਕਿ ਹੱਥ ਕੱਟੇ ਜਾਣ ਦੀ ਕਾਰਵਾਈ ਅਤਿ ਨਿੰਦਣਯੋਗ ਹੈ ਅਤੇ ਉਹ ਇਮਾਨਦਾਰੀ ਨਾਲ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਸਲਾਮ ਵੀ ਕਰਦੇ ਹਨ ਪਰ ਅਤਿਆਚਾਰ ਤੇ ਵਧੀਕੀਆਂ ਕਰਨ ਵਾਲੇ ਪੁਲਿਸ ਵਾਲਿਆਂ ਵਿਰੁਧ ਅੱਗੇ ਵੀ ਆਵਾਜ਼ ਉਠਾਉਂਦੇ ਰਹਿਣਗੇ। ਬੈਂਸ ਨੇ ਇਹ ਵੀ ਕਿਹਾ ਕਿ ਉਹ ਸਰਕਾਰੀ ਸੁਰੱਖਿਆ ਗਾਰਡਾਂ ਦੇ ਸਹਾਰੇ ਕੰਮ ਕਰਨ ਵਾਲੇ ਨੇਤਾ ਨਹੀਂ ਅਤੇ ਨਾ ਹੀ ਸਰਕਾਰ ਵਲੋਂ ਕੇਸ ਦਰਜ ਕਰਨ ਜਾਂ ਜੇਲ੍ਹ ਜਾਣ ਤੋਂ ਹੀ ਡਰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਉਤੇ ਬਦਲੇ ਦੀ ਕਾਰਵਾਈ ਦਾ ਦੋਸ਼ ਵੀ ਲਾਇਆ ਹੈ।