ਛੋਟੇ ਕਿਸਾਨਾਂ ਦੀ ਫਸਲ ਮੰਡੀ ਵਿਚ ਇਕੋ ਸਮੇਂ ਖ਼ਰੀਦੀ ਜਾਵੇ: ਦੋਸਾਂਝ
ਉੱਘੇ ਤੇ ਯੂਐਨਉ ਐਵਾਰਡੀ ਕਿਸਾਨ ਮਹਿੰਦਰ ਸਿੰਘ ਦੋਸਾਂਝ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਮਸ਼ਵਰਾ ਦਿਤਾ ਹੈ ਕਿ ਛੋਟੇ ਕਿਸਾਨਾਂ ਦੀ ਫ਼ਸਲ ਮੰਡੀ ਵਿਚ ਇਕੋ ਸਮੇਂ ਖ਼ਰੀਦੀ ਜਾਵੇ।
ਨਵਾਂਸ਼ਹਿਰ, 13 ਅਪ੍ਰੈਲ (ਅਮਰੀਕ ਸਿੰਘ ਢੀਂਡਸਾ): ਉੱਘੇ ਤੇ ਯੂਐਨਉ ਐਵਾਰਡੀ ਕਿਸਾਨ ਮਹਿੰਦਰ ਸਿੰਘ ਦੋਸਾਂਝ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਮਸ਼ਵਰਾ ਦਿਤਾ ਹੈ ਕਿ ਛੋਟੇ ਕਿਸਾਨਾਂ ਦੀ ਫ਼ਸਲ ਮੰਡੀ ਵਿਚ ਇਕੋ ਸਮੇਂ ਖ਼ਰੀਦੀ ਜਾਵੇ। ਉਨ੍ਹਾਂ ਕਿਹਾ ਕਿ ਕਣਕ ਦੀ ਕਟਾਈ ਦਾ ਸਮਾਂ 10 ਤੋਂ 15 ਦਿਨ ਦਾ ਹੀ ਹੁੰਦਾ ਹੈ। ਛੋਟੇ ਕਿਸਾਨਾਂ ਕੋਲ ਅਪਣੇ ਟਰੈਕਟਰ ਟਰਾਲੀਆਂ ਨਹੀਂ ਹਨ, ਉਹ ਕਿਸੇ ਨੇੜਤਾ ਵਾਲੇ ਕਿਸਾਨ ਤੋਂ ਮੰਗ ਕੇ ਅਪਣਾ ਡੰਗ ਸਾਰਦੇ ਹਨ। ਇਕ ਟਰਾਲੀ ਵਿਚ ਲਗਭਗ ਚਾਰ ਏਕੜ ਕਣਕ ਦੇ ਦਾਣੇ ਭਰ ਜਾਂਦੇ ਹਨ।
ਇਸ ਲਈ ਕਿਸਾਨ ਨੂੰ ਥੋੜੇ ਕੰਮ ਲਈ ਦੋ ਦੋ ਟਰਾਲੀਆਂ ਦਾ ਪ੍ਰਬੰਧ ਕਰਨਾ ਪਵੇਗਾ ਜੋ ਸੰਭਵ ਨਹੀਂ ਹੋ ਸਕੇਗਾ। ਦੂਜਾ ਉਹ ਜ਼ਿਆਦਾ ਦਿਨ ਕਣਕ ਦੀ ਫਸਲ ਘਰ ਨਹੀਂ ਰੱਖ ਸਕਦਾ। ਜੇ ਉਸ ਨੂੰ ਕਈ ਦਿਨ ਕਣਕ ਘਰ ਰਖਣੀ ਪਵੇਗੀ ਤਾਂ ਉਸ ਨੂੰ ਘਰ ਵਿਚ ਥਾਂ ਦੀ ਵੀ ਘਾਟ ਹੁੰਦੀ ਹੈ, ਟਰਾਲੀ ਚੋਂ ਕਣਕ ਲਾਹੁਣ ਤੇ ਦੁਬਾਰਾ ਲੱਦਣ ਲਈ ਬਹੁਤ ਮਿਹਨਤ ਤੇ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਆੜਤੀਏ ਦੁਆਰਾ ਛੋਟੇ ਕਿਸਾਨਾਂ ਦੀ ਫਸਲ ਕਿਸਾਨ ਦੇ ਖੇਤ ਜਾਂ ਘਰ ਤੋਂ ਹੀ ਖ਼ਰੀਦਣ ਦਾ ਉਪਰਾਲਾ ਕਰੇ।