ਮੋਦੀ ਸਰਕਾਰ 15 ਤਰ੍ਹਾਂ ਦੇ ਉਦਯੋਗਾਂ ਨੂੰ ਸ਼ਰਤਾਂ ਨਾਲ ਖੋਲ੍ਹਣ ਲਈ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਅੱਜ ਕਰ ਸਕਦੇ ਹਨ ਅਪਣੇ ਸੰਬੋਧਨ 'ਚ ਐਲਾਨ, ਰੇਲ ਅਤੇ ਹਵਾਈ ਉਡਾਣਾਂ ਨੂੰ ਵੀ ਮਿਲ ਸਕਦੀ ਹੈ ਛੋਟ

ਮੋਦੀ ਸਰਕਾਰ 15 ਤਰ੍ਹਾਂ ਦੇ ਉਦਯੋਗਾਂ ਨੂੰ ਸ਼ਰਤਾਂ ਨਾਲ ਖੋਲ੍ਹਣ ਲਈ ਤਿਆਰ

ਚੰਡੀਗੜ੍ਹ, 13 ਅਪ੍ਰੈਲ (ਗੁਰਉਪਦੇਸ਼ ਭੁੱਲਰ): ਮੁੱਖ ਮੰਤਰੀਆਂ ਨਾਲ ਵੀਡੀਉ ਕਾਨਫ਼ਰੰਸ 'ਚ ਪ੍ਰਧਾਨ ਮੰਤਰੀ ਸਾਹਮਣੇ ਵੱਖ-ਵੱਖ ਰਾਜਾਂ ਵਲੋਂ ਅਪਣੇ ਸੁਝਾਵਾਂ 'ਤੇ ਵਿਚਾਰ ਵਟਾਂਦਰੇ ਤੋਂ ਬਾਅਦ ਮੋਦੀ ਸਰਕਾਰ ਨੇ 15 ਤਰ੍ਹਾਂ ਦੇ ਜ਼ਰੂਰੀ ਸੇਵਾਵਾਂ ਵਾਲੇ ਉਦਯੋਗਾਂ ਨੂੰ ਸ਼ਰਤਾਂ ਨਾਲ ਕੰਮ ਸ਼ੁਰੂ ਕਰਨ ਦੀ ਆਗਿਆ ਦੇਣ ਦੀ ਤਿਆਰੀ 'ਚ ਹੈ। ਭਾਵੇਂ ਉਦਯੋਗ ਵਿਭਾਗ ਵਲੋਂ ਇਸ ਬਾਰੇ ਅਪਣੀਆਂ ਸਿਫ਼ਾਰਸ਼ਾਂ 'ਚ ਮਨਜ਼ੂਰੀ ਦੇ ਦਿਤੀ ਗਈ ਹੈ ਪਰ ਰਸਮੀ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਅਪ੍ਰੈਲ ਨੂੰ ਦੇਸ਼ਵਾਸੀਆਂ ਨੂੰ ਅਪਣੇ ਸੰਬੋਧਨ ਸਮੇਂ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਰੇਲ ਅਤੇ ਹਵਾਈ ਉਡਾਨਾਂ ਬਾਰੇ ਵੀ ਐਲਾਨ ਕਰ ਸਕਦੇ ਹਨ।


ਦੇਸ਼ ਵਿਚ ਆਰਥਕ ਨੁਕਸਾਨ ਨੂੰ ਰੋਕਣ ਲਈ ਅਗਲੇ 15 ਦਿਨਾਂ ਲਈ ਲਾਕਡਾਊਨ ਵਧਾਉਣ ਦੇ ਐਲਾਨ ਤੋਂ ਪਹਿਲਾਂ ਮੋਦੀ ਸਰਕਾਰ ਦਾ ਉਦਯੋਗਾਂ ਦੇ ਪਹੀਏ ਚਲਾਉਣ ਦੀ ਦਿਸ਼ਾ 'ਚ ਇਹ ਵੱਡਾ ਕਦਮ ਹੈ। ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਾਨਫ਼ਰੰਸ ਦੌਰਾਨ ਉਦਯੋਗਾਂ ਲਈ ਲਾਕਡਾਊਨ ਦੀ ਸਥਿਤੀ ਦੇ ਚਲਦੇ ਅੰਸ਼ਕ ਛੋਟਾਂ ਦੀ ਮੰਗ ਉਠਾਈ ਸੀ। ਕਈ ਕੇਂਦਰੀ ਮੰਤਰੀਆਂ ਨੇ ਵੀ ਇਸ ਦਾ ਸਮਰਥਨ ਕੀਤਾ ਸੀ। ਇਸ ਦੇ ਮੱਦੇਨਜ਼ਰ ਮੋਦੀ ਸਰਕਾਰ ਨੇ 15 ਤਰ੍ਹਾਂ ਦੇ ਉਦਯੋਗਾਂ ਨੂੰ ਘੱਟੋ-ਘੱਟ ਕਰਮਚਾਰੀਆਂ ਨਾਲ ਇਕ ਸ਼ਿਫ਼ਟ 'ਚ ਕੰਮ ਸ਼ੁਰੂ ਕਰਨ ਦੀ ਆਗਿਆ ਪ੍ਰਦਾਨ ਕੀਤੀ ਹੈ।

ਇਨ੍ਹਾਂ ਉਦਯੋਗਾਂ ਨੂੰ ਮਿਲੇਗੀ ਆਗਿਆ

ਜਿਨ੍ਹਾਂ ਉਦਯੋਗਾਂ ਨੂੰ ਕੰਮ ਸ਼ੁਰੂ ਕਰਨ ਦੀ ਆਗਿਆ ਦਿਤੇ ਜਾਣ ਦੀ ਤਿਆਰੀ ਹੈ ਉਨ੍ਹਾਂ 'ਚ ਆਪਟਿਕ ਫ਼ਾਈਬਰ ਕੇਬਲ, ਕੰਪਰੈਸਰ ਐਂਡ ਕੰਡੈਂਸਰ ਯੂਨਿਟ, ਇਸਪਾਤ ਤੇ ਸਬੰਧਤ ਮਿੱਲਾਂ, ਪੇਂਟ, ਪਲਾਸਟਿਕ, ਵਾਹਨ ਇਕਾਈਆਂ, ਗਹਿਣੇ ਅਤੇ ਲਾਈਫ਼ ਸਟਾਈਲ ਨਾਲ ਜੁੜੇ ਨਿਰਯਾਤ ਯੂਨਿਟ, ਟਰਾਂਸਫ਼ਾਰਮਰ ਅਤੇ ਸਰਕਟ ਵਹੀਕਲ, ਟੈਲੀਕਾਮ ਔਜ਼ਾਰ ਅਤੇ ਭੋਜਨ ਨਾਲ ਸਬੰਧਤ ਉਦਯੋਗ ਸ਼ਾਮਲ ਹਨ। ਕੇਂਦਰੀ ਮੰਤਰਾਲੇ ਵਲੋਂ ਵੱਖ ਵੱਖ ਰਾਜਾਂ ਨੂੰ ਭੇਜੀਆਂ ਹਦਾਇਤਾਂ ਮੁਤਾਬਕ ਘੱਟੋ-ਘੱਟ ਕਰਮਚਾਰੀਆਂ ਨਾਲ ਇਕ ਸ਼ਿਫ਼ਟ 'ਚ ਕੰਮ ਸ਼ੁਰੂ ਕਰਨ ਦੀ ਮਨਜ਼ੂਰੀ ਦੇਣ ਤੋਂ ਇਲਾਵਾ ਸੀਮਿੰਟ ਉਦਯੋਗ 'ਚ ਸੁਰੱਖਿਆ ਮਾਪਦੰਡਾਂ ਨਾਲ ਤਿੰਨ ਸਿਫ਼ਟਾਂ 'ਚ ਕੰਮ ਦੀ ਆਗਿਆ ਦਿਤੀ ਜਾਵੇਗੀ।