ਨਾਕੇ 'ਤੇ ਤੈਨਾਤ ਪੁਲਿਸ ਪਾਰਟੀ ਨਾਲ ਭਿੜੇ ਦੋ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਇਕ ਨੂੰ ਕੀਤਾ ਗ੍ਰਿਫ਼ਤਾਰ, ਦੂਜਾ ਹਵਾਈ ਫ਼ਾਇਰ ਕਰਦਿਆਂ ਫ਼ਰਾਰ

ਨਾਕੇ 'ਤੇ ਤੈਨਾਤ ਪੁਲਿਸ ਪਾਰਟੀ ਨਾਲ ਭਿੜੇ ਦੋ ਨੌਜਵਾਨ

ਕੋਟਕਪੂਰਾ, 13 ਅਪ੍ਰੈਲ (ਗੁਰਿੰਦਰ ਸਿੰਘ) : ਭਾਵੇਂ ਬੀਤੇ ਕੱਲ ਪਟਿਆਲਾ ਵਿਖੇ ਪੁਲਿਸ ਪਾਰਟੀ 'ਤੇ ਹੋਏ ਹਮਲੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਡੀਜੀਪੀ ਨੂੰ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਅਤੇ ਅੱਗੇ ਤੋਂ ਪੁਲਿਸ ਮੁਲਾਜ਼ਮਾਂ ਨਾਲ ਅਜਿਹੀ ਘਟਨਾ ਨਾ ਵਾਪਰਨਾ ਯਕੀਨੀ ਬਣਾਉਣ ਦੀਆਂ ਸਖ਼ਤ ਹਦਾਇਤਾਂ ਦਿਤੀਆਂ ਹਨ ਪਰ ਕੋਟਕਪੂਰਾ 'ਚ ਵੀ ਬੀਤੀ ਦੇਰ ਰਾਤ ਪੁਲਿਸ ਪਾਰਟੀ 'ਤੇ ਦੋ ਵਿਅਕਤੀਆਂ ਵਲੋਂ ਹਮਲਾ ਕਰਨ ਦੀ ਖ਼ਬਰ ਮਿਲੀ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਕਾਰ ਸਿੰਘ ਸੰਧੂ ਡੀ.ਐਸ.ਪੀ. ਕੋਟਕਪੂਰਾ ਨੇ ਦਸਿਆ ਕਿ ਰੇਲਵੇ ਫਾਟਕ ਦੇ ਨਾਕੇ 'ਤੇ ਤੈਨਾਤ ਏਐਸਆਈ ਕੇਵਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ 'ਚ ਸ਼ਾਮਲ ਏ.ਐਸ.ਆਈ. ਜਤਿੰਦਰ ਕੁਮਾਰ, ਪੀ.ਐਚ.ਜੀ. ਗੁਰਜੰਟ ਸਿੰਘ ਅਤੇ ਮਹਿਲਾ ਕਾਂਸਟੇਬਲ ਸੁਧਾ ਰਾਣੀ ਵੀ ਮੌਜੂਦ ਸੀ, ਜਿੰਨਾਂ ਵਲੋਂ ਹਰ ਆਉਣ ਜਾਣ ਵਾਲੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਇਸ ਦੌਰਾਨ ਦੋ ਵਿਅਕਤੀ ਵੱਖ-ਵੱਖ ਦੁਪਹੀਆ ਵਾਹਨਾਂ ਐਕਟਿਵਾ ਅਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਨਾਕੇ ਕੋਲ ਪੁੱਜੇ ਤਾਂ ਪੁਲਿਸ ਪਾਰਟੀ ਵੱਲੋਂ ਰੋਕੇ ਜਾਣ 'ਤੇ ਉਨ੍ਹਾਂ ਬਹਿਸਬਾਜੀ ਸ਼ੁਰੂ ਕਰ ਦਿਤੀ ਅਤੇ ਕਹਿਣ ਲੱਗੇ ਕਿ ''ਤੁਸੀਂ ਸਾਨੂੰ ਕੱਲ ਵੀ ਕਿਉਂ ਰੋਕਿਆ ਸੀ, ਉਸ ਗੱਲ ਦਾ ਤੁਹਾਨੂੰ ਹੁਣੇ ਮਜ਼ਾ ਚਖਾਉਂਦੇ ਹਾਂ, ਤੁਹਾਨੂੰ ਦੱਸਾਂਗੇ ਕਿ ਮੁਲਾਜ਼ਮ ਨੂੰ ਕਿਵੇਂ ਰੋਕੀਦੈ''। ਕਰਫ਼ਿਊ ਪਾਸ ਦਿਖਾਉਣ ਦੀ ਬਜਾਇ ਬਹਿਸ ਕਰਦੇ ਹੋਏ ਉਨ੍ਹਾਂ ਏ.ਐਸ.ਆਈ. ਕੇਵਲ ਸਿੰਘ 'ਤੇ ਹਮਲਾ ਕਰ ਦਿਤਾ।


ਇਸ ਦੌਰਾਨ ਉੱਥੋਂ ਲੰਘ ਰਹੇ ਦੋਧੀ ਅਜੇ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਪਿੰਡ ਬਾਹਮਣਵਾਲਾ ਨੇ ਉਕਤ ਵਿਅਕਤੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਰਾਬੀ ਹਾਲਤ 'ਚ ਇਕ ਮੁਲਜ਼ਮ ਸਤਪਾਲ ਸਿੰਘ ਵਾਸੀ ਕੋਟਕਪੂਰਾ ਨੇ ਉਸਦੇ ਪੱਥਰ ਮਾਰਿਆ। ਇਕ ਸਵਾਲ ਦੇ ਜਵਾਬ 'ਚ ਡੀਐਸਪੀ ਨੇ ਦਸਿਆ ਕਿ ਦੋਨੋਂ ਮੁਲਜ਼ਮ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਕੰਵਰਪਾਲ ਸਿੰਘ ਵਾਸੀ ਕੋਟਕਪੂਰਾ ਨੇ ਡੱਬ 'ਚੋਂ ਪਿਸਤੌਲ ਕੱਢ ਕੇ ਪੁਲਿਸ ਪਾਰਟੀ ਨੂੰ ਡਰਾਉਣ ਦੀ ਨੀਅਤ ਨਾਲ ਹਵਾਈ ਫ਼ਾਇਰ ਕਰ ਦਿਤਾ। ਸੱਤਪਾਲ ਸਿੰਘ ਰੇਲਵੇ ਲਾਈਨਾਂ ਕੋਲ ਡਿੱਗ ਗਿਆ, ਜਿਥੋਂ ਉਸ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਕੰਵਰਪਾਲ ਸਿੰਘ ਹਨੇਰੇ 'ਚ ਫ਼ਰਾਰ ਹੋ ਗਿਆ। ਉਨ੍ਹਾਂ ਦਸਿਆ ਕਿ ਉਕਤ ਮੁਲਜ਼ਮਾਂ ਵਿਰੁਧ ਸਥਾਨਕ ਸਿਟੀ ਥਾਣੇ ਵਿਖੇ ਮਾਮਲਾ ਦਰਜ ਕਰ ਕੇ ਫ਼ਰਾਰ ਹੋਏ ਮੁਲਜ਼ਮ ਕੰਵਰਪਾਲ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।