ਮੁੱਖ ਮੰਤਰੀ ਵੱਲੋਂ ਅਸਤੀਫ਼ਾ ਰੱਦ ਕਰਨ ਮਗਰੋਂ ਕੁੰਵਰ ਵਿਜੈ ਪ੍ਰਤਾਪ ਨੇ ਸ਼ੇਅਰ ਕੀਤੀ ਪੋਸਟ
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।"
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੀਤੇ ਦਿਨੀ ਆਈਪੀਐਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਅਸਤੀਫ਼ਾ ਪੱਤਰ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਵਿਚਕਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਫੇਸਬੁੱਕ ਪੇਜ਼ ’ਤੇ ਇੱਕ ਪੋਸਟ ਪਾਈ ਹੈ ਜਿਸ 'ਤੇ ਲਿਖਿਆ, " ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।"
ਉਨ੍ਹਾਂ ਨੇ ਅੱਗੇ ਲਿਖਿਆ, ਮੈਂ ਆਪਣਾ ਕੰਮ ਕੀਤਾ...... ਕੋਈ ਅਫਸੋਸ ਨਹੀਂ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਮੁੱਦੇ ਨੂੰ ਗਲੈਮਰਸ ਨਾ ਬਣਾਓ ਜਾਂ ਰਾਜਨੀਤੀ ਨਾ ਕਰੋ....ਮੇਰੀ ਰਿਪੋਰਟ 'ਤੇ ਚਾਰਜਸ਼ੀਟ ਦਾ ਹਰ ਇੱਕ ਸ਼ਬਦ ਆਪਣੇ ਆਪ ਵਿੱਚ ਸਬੂਤ ਹੈ। ਇਸ ਨੂੰ ਕਿਸੇ ਵੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ। ਦੋਸ਼ੀ ਮਨ ਸੱਚ ਦੇ ਸ਼ੀਸ਼ੇ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਕਰ ਸਕਦਾ। ਮੈਂ ਅੰਤਮ ਫੈਸਲੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ 'ਚ ਅਪੀਲ ਦਾਇਰ ਕੀਤੀ ਹੈ, ਮੇਰੀ ਸੂਝ ਤੇ ਕਾਨੂੰਨ ਦੇ ਗਿਆਨ ਅਨੁਸਾਰ ਸਭ ਤੋਂ ਉੱਤਮ ਅਦਾਲਤ। ਮੈਂ ਸਮਾਜ ਦੀ ਸਰਵਉੱਤਮ ਤਰੀਕੇ ਨਾਲ ਸੇਵਾ ਜਾਰੀ ਰੱਖਾਂਗਾ, ਹਾਲਾਂਕਿ, ਆਈਪੀਐਸ ਵਜੋਂ ਨਹੀਂ।”
ਜ਼ਿਕਰਯੋਗ ਹੈ ਕਿ ਰਿਟਾਇਰਮੈਂਟ ਪਟੀਸ਼ਨ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ, 'ਉਹ ਇਕ ਬਹੁਤ ਹੀ ਸਮਰੱਥ ਅਤੇ ਕੁਸ਼ਲ ਅਧਿਕਾਰੀ ਹਨ, ਜਿਨ੍ਹਾਂ ਦੀਆਂ ਸੇਵਾਵਾਂ ਸਰਹੱਦੀ ਰਾਜ ਵਿਚ ਲੋੜੀਂਦੀਆਂ ਹਨ, ਖ਼ਾਸਕਰ ਉਸ ਸਮੇਂ ਜਦੋਂ ਪੰਜਾਬ ਨੂੰ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਦੀਆਂ ਕਈ ਤਰ੍ਹਾਂ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਸੀ।