ਸੁਖਬੀਰ ਬਾਦਲ ਦਾ ਤਖ਼ਤ ਸਾਹਿਬ ਪੁੱਜਣ ’ਤੇ ਸੰਗਤ ਨੇ ਕੀਤਾ ਵਿਰੋਧ, ਕੀਤੀ ਨਾਹਰੇਬਾਜ਼ੀ

ਏਜੰਸੀ

ਖ਼ਬਰਾਂ, ਪੰਜਾਬ

ਸੁਖਬੀਰ ਬਾਦਲ ਦਾ ਤਖ਼ਤ ਸਾਹਿਬ ਪੁੱਜਣ ’ਤੇ ਸੰਗਤ ਨੇ ਕੀਤਾ ਵਿਰੋਧ, ਕੀਤੀ ਨਾਹਰੇਬਾਜ਼ੀ

image

ਬਠਿੰਡਾ (ਦਿਹਾਤੀ), 13 ਅਪ੍ਰੈਲ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਤਖ਼ਤ ਦਮਦਮਾ ਸਾਹਿਬ ਵਿਖੇ ਖ਼ਾਲਸੇ ਦੇ ਸਾਜਣਾ ਦਿਵਸ ਵਿਸਾਖੀ ਦੇ ਦਿਹਾੜੇ ’ਤੇ ਨਤਮਸਤਕ ਹੋਣ ਲਈ ਆਉਣ ਵੇਲੇ ਸਿੱਖ ਸੰਗਤ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਸੰਗਤ ਵਲੋਂ ਇਨ੍ਹਾਂ ਵਿਰੁਧ ਨਾਹਰੇਬਾਜ਼ੀ ਵੀ ਕੀਤੀ ਗਈ। 
ਸੁਖਬੀਰ ਸਿੰਘ ਬਾਦਲ ਜਦ ਤਖ਼ਤ ਸਾਹਿਬ ਵਲ ਨੂੰ ਜਾ ਰਹੇ ਸਨ ਤਾਂ ਵੱਡੀ ਗਿਣਤੀ ਵਿਚ ਨਤਮਸਤਕ ਹੋਣ ਲਈ ਕਤਾਰ ਵਿਚ ਅਪਣੀ ਵਾਰੀ ਦੀ ਉਡੀਕ ਲਈ ਖੜੀਆਂ ਸੰਗਤਾਂ ਵਿਚੋਂ ਜ਼ਿਆਦਾਤਰ ਬੀਬੀਆਂ ਨੇ ਅਕਾਲੀ ਦਲ ਅਤੇ ਪਾਰਟੀ ਪ੍ਰਧਾਨ ਦਾ ਨਾਂਅ ਲੈ ਕੇ ਨਾਹਰੇਬਾਜ਼ੀ ਕੀਤੀ।  ਉਧਰ ਉਕਤ ਵਾਪਰੀ ਘਟਨਾ ਵੇਲੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਸਣੇ ਪਾਰਟੀ ਦੀ ਜ਼ਿਲ੍ਹੇ ਭਰ ਦੀ ਲੀਡਰਸ਼ਿਪ ਮੌਜੂਦ ਸੀ, ਪਰ ਸੰਗਤ ਵਲੋਂ ਕੀਤੇ ਵਿਰੋਧ ਦੇ ਬਾਵਜੂਦ ਅਕਾਲੀ ਦਲ ਵਲੋਂ ਚੂੰਅ ਤਕ ਨਹੀਂ ਕੱਢੀ ਗਈ ਅਤੇ ਚੁੱਪ ਚਾਪ ਅੱਗੇ ਵੱਧਣ ਵਾਲੀ ਨੀਤੀ ਅਪਣਾਈ। ਉਧਰ ਤਖ਼ਤ ਸਾਹਿਬ ’ਤੇ ਹੋਏ ਵਿਰੋਧ ਦੀਆਂ ਤਸਵੀਰਾਂ ਅਤੇ ਵੀਡੀਉ ਤੇਜ਼ੀ ਨਾਲ ਸ਼ੋਸ਼ਲ ਮੀਡੀਆ ਉਪਰ ਫੈਲ ਰਹੀਆਂ ਹਨ।