ਭੀਮ ਰਾਓ ਅੰਬੇਦਕਰ ਦੀ ਜਯੰਤੀ 'ਤੇ ਨਵਜੋਤ ਸਿੱਧੂ ਨੇ ਭੇਂਟ ਕੀਤੀ ਸ਼ਰਧਾਂਜਲੀ
ਕਿਸਾਨੀ ਬਾਰੇ ਦੱਸੀਆਂ ਅਹਿਮ ਗੱਲਾਂ
ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਜਯੰਤੀ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਹਨਾਂ ਨੇ ਕਿਹਾ ਕਿ ਮੈਂ ਆਪਣੇ ਸੰਵਿਧਾਨ ਦੇ ਮਹਾਨ ਆਰਕੀਟੈਕਟ ਦੇ ਸਨਮਾਨ ਵਿੱਚ ਆਪਣਾ ਸਿਰ ਝੁਕਾਉਂਦਾ ਹਾਂ। ਨਾਲ ਹੀ ਦੱਸ ਦੇਈਏ ਕਿ ਉਹਨਾਂ ਨੇ ਆਪਣੇ ਸੋਸ਼ਲ ਮੀਡੀਆਂ ਅਕਾਊਂਟ ਤੇ 4 ਮਿੰਟ ਦੀ ਵੀਡੀਓ ਸਾਂਝੀ ਕੀਤੀ ਜਿਸ ਵਿਚ ਉਹ ਕਹਿ ਰਹੇ ਹਨ ਕਿ ਪੰਜਾਬ ਦੀ ਆਰਥਿਕਤਾ ਦਾ ਵਧੇਰੇ ਹਿੱਸਾ ਕਿਸਾਨੀ ਕਿੱਤੇ ਵਿੱਚੋਂ ਹੀ ਜਾਂਦਾ ਅਤੇ ਦੇਸ਼ ਦੀ 50% ਆਬਾਦੀ ਕਿਸਾਨੀ ਵਿਚ ਕੰਮ ਕਰ ਰਹੀ ਹੈ।
ਜਦੋਂ ਕਿ 15 % ਜੀਡੀਪੀ ਕਿਸਾਨੀ ਵਿਚੋਂ ਨਿਕਲਦੀ ਹੈ। ਉਹਨਾਂ ਕਿਹਾ ਕਿ ਕਿਸਾਨੀ ਕਿੱਤੇ ਦਾ ਸਿੱਧਾ ਨਾਤਾ ਅਨਾਜ ਨਾਲ ਹੈ ਤੇ ਰੋਟੀ ਸਭ ਨੇ ਖਾਣੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 92% ਮਜ਼ਦੂਰ ਗੈਰ ਰਸਮੀ ਹਨ ਕੋਈ ਚਾਹ ਦੀ ਦੁਕਾਨ ਤੇ ਕੰਮ ਕਰਦਾ ਹੈ ਕੋਈ 200 ਲੈਂਦਾ ਤੇ ਕੋਈ 300 ਲੈਂਦਾ। 86% ਕਿਸਾਨਾਂ ਕੋਲ 5 ਏਕੜ ਜਾਂ ਇਸ ਤੋਂ ਵੀ ਘੱਟ ਜ਼ਮੀਨ ਰਹਿ ਗਈ ਹੈ। ਉਹਨਾਂ ਕਿਹਾ ਕਿ 50% ਆਬਾਦੀ ਕਿਸਾਨ ਕਿੱਤੇ ਨਾਲ ਜੁੜੀ ਹੋਈ ਹੈ ਜੇ ਦੇਸ਼ ਨੇ ਤਰੱਕੀ ਦੀ ਰਾਹ ਤੇ ਤੁਰਨਾ, ਦੇਸ਼ ਵਿਚੋਂ ਗਰੀਬੀ ਨੂੰ ਦੂਰ ਕਰਨਾ ਤਾਂ ਉਹ ਕਿਸਾਨੀ ਦੇ ਜ਼ਰੀਏ ਕੀਤਾ ਜਾ ਸਕਦਾ ਹੈ।
ਖੇਤੀਬਾੜੀ ਦੀ ਨੀਤੀ ਸ਼ਾਸ਼ਤਰ ਨਾਲ ਕੀਤੀ ਜਾ ਸਕਦੀ ਹੈ। ਜੇ ਆਪਾਂ ਕੋਈ ਖੇਤੀਬਾੜੀ ਨੀਤੀ ਬਣਾਉਂਦੇ ਹਾਂ ਤਾਂ ਉਸਦੇ ਮੁੱਢ ਕਾਰਪੋਰੇਟ ਨਹੀਂ ਹੋ ਸਕਦੇ। ਸਿੱਧੂ ਨੇ ਕਿਹਾ ਕਿ ਸਾਨੂੰ ਉਹਨਾਂ ਕਿਸਾਨਾਂ ਦੀ ਆਵਾਜ਼ ਵੀ ਸੁਣਨੀ ਚਾਹੀਦੀ ਹੈ ਜਿਹੜੇ ਆਪਣੀ ਜ਼ਮੀਨ ਤੇ ਨਹੀਂ ਬਲਕਿ ਕਿਸੇ ਹੋਰ ਦੀ ਜ਼ਮੀਨ ਤੇ ਕੰਮ ਕਰਦੇ ਹਨ। 32% ਦਲਿਤਾਂ ਕੋਲ ਸਿਰਫ 2% ਜ਼ਮੀਨ ਹੈ ਉਹ ਤਾਂ ਦਿੱਲੀ ਧਰਨੇ ਵਿਚ ਜਾਣ ਦੀ ਆਰਥਿਕ ਤਾਕਤ ਵੀ ਨਹੀਂ ਰੱਖਦੇ।
ਨਾ ਹੀ ਉਹਨਾਂ ਕੋਲ ਟਰੈਕਟਰ ਹੈ ਨਾ ਹੀ ਟਰਾਲੀ। ਉਹ ਤਾਂ ਆਪਣੇ ਜ਼ਿਮੀਦਾਰ ਭੈਣ ਭਰਾਵਾਂ ਵੱਲ ਵੇਖਦੇ ਹਨ ਤੇ ਉਹੀ ਜ਼ਿਮੀਦਾਰ ਭਰਾ ਜੋ ਦਿੱਲੀ ਧਰਨੇ ਵਿਚ ਬੈਠੇ ਹਨ ਉਹੀ ਉਹਨਾਂ ਦੀ ਆਵਾਜ਼ ਚੁੱਕਦੇ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਤੱਕ ਅਸੀਂ ਕਿਸਾਨੀ ਮਜ਼ਦੂਰ ਦੀ ਇਨਕਮ ਨਹੀਂ ਵਧਾਉਂਦੇ ਉਦੋਂ ਤੱਕ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਆਪਾਂ ਕਿਸਾਨੀ ਕਿੱਤੇ ਦੀ ਮਦਦ ਕੀਤੀ ਹੈ।