ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਲਈ ਅਫ਼ਸਰ ਮੈਂ ਹੀ ਦਿੱਲੀ ਭੇਜੇ ਸੀ: CM ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ 16 ਅਪ੍ਰੈਲ ਨੂੰ ਪੰਜਾਬੀਆਂ ਨੂੰ ਵੱਡੀ ਖੁਸ਼ਖ਼ਬਰੀ ਦੇਣਗੇ।

Bhagwant Mann says he sent officers for meeting with Arvind Kejriwal



ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ 16 ਅਪ੍ਰੈਲ ਨੂੰ ਪੰਜਾਬੀਆਂ ਨੂੰ ਵੱਡੀ ਖੁਸ਼ਖ਼ਬਰੀ ਦੇਣਗੇ। ਇਸ ਦੇ ਨਾਲ ਹੀ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਨਾਲ ਪੰਜਾਬ ਦੇ ਅਫ਼ਸਰਾਂ ਦੀ ਮੀਟਿੰਗ ਨੂੰ ਲੈ ਕੇ ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹਨਾਂ ਅਫ਼ਸਰਾਂ ਨੂੰ ਟ੍ਰੇਨਿੰਗ ਲਈ ਦਿੱਲੀ ਭੇਜਿਆ ਗਿਆ ਸੀ।

CM Bhagwant Mann

ਮੁੱਖ ਮੰਤਰੀ ਨੇ ਕਿਹਾ, “ਕੇਜਰੀਵਾਲ ਜੀ ਨਾਲ ਮੀਟਿੰਗ ਲਈ ਅਫ਼ਸਰ ਮੈਂ ਹੀ ਦਿੱਲੀ ਭੇਜੇ ਸੀ। ਟ੍ਰੇਨਿੰਗ ਲਈ ਇਹੀ ਅਫ਼ਸਰ ਗੁਜਰਾਤ ਜਾਂਦੇ ਰਹੇ, ਤਮਿਲਨਾਡੂ ਜਾਂਦੇ ਰਹੇ। ਜੇ ਪੰਜਾਬ ਦੀ ਬਿਹਤਰੀ ਲਈ ਅਫ਼ਸਰਾਂ ਨੂੰ ਇਜ਼ਰਾਈਲ ਵੀ ਭੇਜਣਾ ਪਿਆ ਮੈਂ ਭੇਜਾਂਗਾ।” ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰਾਂ ਕੋਲ ਪੈਸੇ ਦੀ ਕਮੀ ਨਹੀਂ ਹੁੰਦੀ, ਨੀਅਤ ਦੀ ਕਮੀ ਹੁੰਦੀ ਹੈ।

Arvind Kejriwal

ਉਹਨਾਂ ਕਿਹਾ ਕਿ ਪਹਿਲਾਂ ਇਕ ਮਹਿਲਾਂ ਵਾਲਾ ਰਾਜਾ ਖੇਤੀਬਾੜੀ ਮੰਤਰੀ ਸੀ, ਜਿਸ ਨੂੰ ਖੇਤੀਬਾੜੀ ਬਾਰੇ ਕੱਖ ਨਹੀਂ ਸੀ ਪਤਾ। ਹੁਣ ਇਕ 20 ਫੁੱਟ ਡੂੰਘੇ ਟੋਇਆਂ ਵਿਚੋਂ ਨਿਕਲਿਆ ਹੋਇਆ ਬੰਦਾ ਖੇਤੀਬਾੜੀ ਮੰਤਰੀ ਹੈ। ਪਰਾਲੀ ਦਾ ਵੀ ਮਸਲਾ ਹੱਲ ਕਰਾਂਗੇ, ਝੋਨੇ ਦਾ ਵੀ ਮਸਲਾ ਹੱਲ ਕਰਾਂਗੇ। ਇਸ ਦੇ ਨਾਲ ਹੀ ਕੈਬਨਿਟ ਮੰਤਰੀਆਂ ਨੂੰ ਲਗਜ਼ਰੀ ਗੱਡੀਆਂ ਦੇਣ ਸਬੰਧੀ ਵਾਇਰਲ ਹੋ ਰਹੀਆਂ ਖ਼ਬਰਾਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹ ਇਕ ਵੀ ਫਾਰਚੂਨਰ ਗੱਡੀ ਨੂੰ ਖਰੀਦਣ ਸਬੰਧੀ ਨੋਟੀਫਿਕੇਸ਼ਨ ਦਿਖਾ ਦੇਣ। ਉਹਨਾਂ ਕਿਹਾ ਕਿ ਮੈਂ ਪਰਗਟ ਸਿੰਘ ਨੂੰ ਖ਼ੁਸ਼ਖ਼ਬਰੀ ਦੇਣਾ ਚਾਹੁੰਦਾ ਹਾਂ ਕਿ ਜਿਹੜੀਆਂ ਉਹਨਾਂ ਕੋਲ ਗੱਡੀਆਂ ਨੇ ਉਹ ਅਸੀਂ ਵਾਪਸ ਲਵਾਂਗੇ।

Bhagwant Mann

ਦੱਸ ਦੇਈਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਪਹੁੰਚੇ ਸਨ। ਉਹਨਾਂ ਨੇ ਬੂਟਾ ਮੰਡੀ ਵਿਖੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਉਹਨਾਂਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਉਹਨਾਂ ਨੇ ਭਾਜਪਾ ਅਤੇ ਹੋਰ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ।