ਕਾਂਗਰਸ ਨੂੰ ਸਿਰਫ਼ ਕਾਂਗਰਸ ਹੀ ਹਰਾਉਂਦੀ- ਮਨੀਸ਼ ਤਿਵਾੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਈ 2021 ਤੋਂ ਲੈ ਫਰਵਰੀ 2022 ਤੱਕ ਅਸੀਂ ਆਪਣੇ ਨਾਲ ਜੋ ਕੀਤਾ ਉਸਦਾ ਅੰਜਾਮ ਅਸੀਂ ਭੁਗਤ ਰਹੇ ਹਾਂ

Manish Tewari

 

 ਮੁਹਾਲੀ : ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਭੀਮਰਾਓ ਅੰਬੇਡਕਰ ਨੂੰ ਉਹਨਾਂ ਦੀ ਜਯੰਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਮਨੀਸ਼ ਤਿਵਾੜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭੀਮਰਾਓ ਅੰਬੇਡਕਰ ਇਕ ਉੱਘੀ ਹੋਈ ਸਖ਼ਤੀਅਤ ਸਨ। ਜਿਹੜਾ ਭਾਰਤ ਦਾ ਸੰਵਿਧਾਨ  ਉਹਨਾਂ ਨੇ ਲਿਖਿਆ ਮੈਨੂੰ ਬਤੌਰ ਸਾਂਸਦ ਤੇ ਵਕੀਲ ਵਜੋਂ ਉਸ ਸੰਵਿਧਾਨ 'ਤੇ ਰੋਜ਼ ਬਹਿਸ ਕਰਨ ਦਾ ਮੌਕਾ ਮਿਲਦਾ ਹੈ।

 

 

ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸੰਵਿਧਨ ਵਿਚ ਉਹਨਾਂ ਨੇ ਜਿਹੜੇ ਅਧਿਕਾਰ ਦਿੱਤੇ ਖ਼ਾਸ ਕਰ ਪਿਛੜੇ ਹੋਏ ਲੋਕਾਂ ਨੂੰ ਉਹਨਾਂ ਦੀ ਰੱਖਿਆ ਕੀਤੀ ਜਾਵੇ। ਸੁਨੀਲ ਜਾਖੜ ਵਲੋਂ ਦਿੱਤੇ ਗਏ ਇਤਰਾਜ਼ਯੋਗ ਬਿਆਨ 'ਤੇ ਮਨੀਸ਼ ਤਿਵਾੜੀ ਨੇ ਕਿਹਾ ਸੁਨੀਲ ਜਾਖੜ ਨੇ ਅਪਸ਼ਬਦ ਵਰਤੇ ਸਨ। ਇਹਨਾਂ ਸ਼ਬਦਾਂ ਦਾ ਇਕ ਸਭਿਅਤ ਸਮਾਜ ਵਿਚ ਕੋਈ ਥਾਂ ਨਹੀਂ ਹੈ।

 

ਤਿਵਾੜੀ ਨੇ ਕਿਹਾ ਕਿ ਮੈਨੂੰ ਕਾਂਗਰਸ ਵਿਚ ਰਹਿ ਰਹੇ ਨੂੰ 40 ਸਾਲ ਹੋ ਗਏ ਤੇ ਮੇਰਾ ਸਦਾ ਹੀ ਇਹ ਮੰਨਣਾ ਹੈ ਕਿ ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦੀ ਹੈ। ਕਾਂਗਰਸ ਨੂੰ ਕੋਈ ਹੋਰ ਨਹੀਂ ਹਰਾ ਸਕਦਾ। ਮਈ 2021 ਤੋਂ ਲੈ ਫਰਵਰੀ 2022 ਤੱਕ ਅਸੀਂ ਆਪਣੇ ਨਾਲ ਜੋ ਕੀਤਾ ਉਸਦਾ ਅੰਜਾਮ ਅਸੀਂ ਭੁਗਤ ਰਹੇ ਹਾਂ। ਅੱਜ ਵੀ ਕਾਂਗਰਸ ਜੇ ਇਕੱਠੀ ਹੋ ਜਾਵੇ ਤਾਂ ਅਜਿਹੀ ਕੋਈ ਤਾਕਤ ਨਹੀਂ ਹੈ ਜੋ ਕਾਂਗਰਸ ਨੂੰ ਹਰਾ ਸਕੇ।

 

 ਬੰਗੇ ਤੋਂ ਸ੍ਰੀ ਅਨੰਦਪੁਰ ਸਾਹਿਬ ਵਾਲੀ ਸੜਕ  ਨੂੰ ਲੈ ਕੇ 2019 ਵਿਚ ਲੋਕਾਂ ਨਾਲ ਧੋਖਾ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਮੈਂ, ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਘਲਾ ਨੇ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਜਿਥੇ ਨਿਤਿਨ ਗਡਕਰੀ ਨੇ ਸਾਫ਼ ਕਹਿ ਦਿੱਤਾ ਸੀ ਕਿ ਅਸੀਂ  ਸਿਆਸੀ ਕਾਰਨਾਂ ਕਰਕੇ ਸੜਕ ਦਾ ਨੀਂਹ ਪੱਥਰ ਰੱਖਿਆ ਸੀ।

ਇਸ ਸੜਕ ਦਾ ਕੁਝ ਨਹੀਂ ਹੋ ਸਕਦਾ। ਸੜਕ ਦੀ ਰਿਪੇਅਰ ਲਈ ਮੈਂ 67 ਕਰੋੜ ਰੁਪਿਆ ਸਰਕਾਰ ਤੋਂ ਮਨਜ਼ੂਰ ਕਰਵਾਇਆ। ਚੋਣ ਜ਼ਾਬਤਾ ਲੱਗਣ ਕਾਰਨ ਸੜਕ ਦੀ ਰਿਪੇਅਰ ਦਾ ਕੰਮ ਰੁਕ ਗਿਆ ਸੀ। ਸਰਕਾਰਾਂ ਆਉਂਦੀਆਂ ਜਾਂਦੀਆਂ ਹਨ ਪਰ ਵਿਕਾਸ ਦੇ ਕੰਮ ਚੱਲਦੇ ਰਹਿੰਦੇ ਹਨ।  ਅਸੀਂ ਇਲ ਸੜਕ ਦੀ ਰਿਪੇਅਰ ਦੇ ਕੰਮ ਬਾਰੇ ਮੁੱਖ ਮੰਤਰੀ ਨਾਲ ਗੱਲ ਕਰਾਂਗੇ ਤੇ ਕੰਮ ਪੂਰਾ ਕਰਵਾਂਗੇ।