ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਨੇ ਸਾਬਕਾ CM ਚੰਨੀ ਨਾਲ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੈਂ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਨਹੀਂ ਸੁਣਿਆ, ਜੇ ਕੁੱਝ ਗ਼ਲਤ ਬੋਲਿਆ ਹੁੰਦਾ ਤਾਂ ਲੋਕ ਹੁਣ ਤਕ ਉੱਠ ਖੜ੍ਹੇ ਹੁੰਦੇ : ਰਾਜਾ ਵੜਿੰਗ

Raja Warring and Bharat Bhushan Ashu Meet CM Channi


ਖਰੜ: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਲਈ ਉਹਨਾਂ ਦੀ ਖਰੜ ਸਥਿਤ ਰਿਹਾਇਸ਼ ’ਤੇ ਪਹੁੰਚੇ। ਇਸ ਮੌਕੇ ਉਹਨਾਂ ਨਾਲ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਤੇ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਸਾਡੇ ਵੱਡੇ ਭਰਾ ਅਤੇ ਸੀਨੀਅਰ ਆਗੂ ਹਨ, ਇਸ ਲਈ ਉਹ ਉਹਨਾਂ ਨਾਲ ਮੁਲਾਕਾਤ ਕਰਨ ਅਤੇ ਆਸ਼ੀਰਦਾਵ ਲੈਣ ਆਏ ਸਨ।

Amrinder Singh Raja Warring

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਨੂੰ ਲੈ ਕੇ ਹੋਏ ਵਿਵਾਦ ਬਾਰੇ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਨੇ ਇਹ ਗਾਣਾ ਨਹੀਂ ਸੁਣਿਆ ਪਰ ਜੇਕਰ ਕੋਈ ਗਲਤ ਗੱਲ ਹੁੰਦੀ ਤਾਂ ਪੰਜਾਬੀਆਂ ਵਿਚ ਰੋਸ ਦੇਖਣ ਨੂੰ ਜ਼ਰੂਰ ਮਿਲਣਾ ਸੀ। ਜੇਕਰ ਅਜਿਹੀ ਕੋਈ ਗੱਲ ਹੁੰਦੀ ਤਾਂ ਜਨਤਾ ਉੱਠ ਖੜ੍ਹੀ ਹੁੰਦੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਨੂੰ ਕੰਮ ਕਰਨ ਲਈ ਪੂਰਾ ਸਮਾਂ ਦਿੱਤਾ ਜਾ ਰਿਹਾ ਹੈ। ਜੇਕਰ ਉਹ ਇਕ ਹੋਰ ਮਹੀਨੇ ਦਾ ਸਮਾਂ ਲੈਣਾ ਚਾਹੁੰਦੇ ਹਨ ਤਾਂ ਜ਼ਰੂਰ ਲੈਣ ਪਰ ਲੋੜ ਪੈਣ ’ਤੇ ਅਸੀਂ ਜਨਤਾ ਦੀ ਆਵਾਜ਼ ਜ਼ਰੂਰ ਚੁੱਕਾਂਗੇ।

Sidhu Moosewala

ਈਡੀ ਦੀ ਪੁੱਛਗਿੱਛ ਤੋਂ ਬਾਅਦ ਸਾਬਕਾ ਸੀਐਮ ਚੰਨੀ ਦਾ ਬਿਆਨ

ਈਡੀ ਸਾਹਮਣੇ ਪੇਸ਼ ਹੋਣ ਸਬੰਬੀ ਬਿਆਨ ਦਿੰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ, ''ਮੈਨੂੰ ਈਡੀ ਨੇ ਕੱਲ੍ਹ ਮਾਈਨਿੰਗ ਮਾਮਲੇ ਵਿਚ ਸੰਮਨ ਭੇਜ ਕੇ ਪੇਸ਼ ਹੋਣ ਲਈ ਕਿਹਾ ਸੀ। ਮੈਂ ਹਾਜ਼ਰੀ ਭਰੀ ਅਤੇ ਉਹਨਾਂ ਦੁਆਰਾ ਪੁੱਛੇ ਸਵਾਲਾਂ ਦੇ ਜਵਾਬ ਆਪਣੀ ਜਾਣਕਾਰੀ ਅਨੁਸਾਰ ਦਿੱਤੇ। ਇਸ ਮਾਮਲੇ ਵਿਚ ਇਕ ਚਲਾਨ ਈਡੀ ਵੱਲੋਂ ਪਹਿਲਾਂ ਹੀ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਚੁੱਕਾ ਹੈ। ਅਧਿਕਾਰੀਆਂ ਨੇ ਮੈਨੂੰ ਦੁਬਾਰਾ ਆਉਣ ਲਈ ਨਹੀਂ ਕਿਹਾ ਹੈ।'' ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹਨਾਂ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਦੀ ਜੋੜੀ ਉੱਤੇ ਮਾਣ ਹੈ। ਅਸੀਂ ਸਾਰੇ ਮਿਲ ਕੇ ਕਾਂਗਰਸ ਨੂੰ ਮੁੜ ਅੱਗੇ ਲੈ ਕੇ ਜਾਵਾਂਗੇ।

Charanjit Singh Channi

ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਦੀ ਨਵੀਂ ਟੀਮ ਜ਼ਬਰਦਸਤ ਹੈ, ਇਹਨਾਂ ਵਿਚ ਅੱਗੇ ਵਧਣ ਅਤੇ ਪੰਜਾਬੀਆਂ ਦੀ ਸੇਵਾ ਕਰਨ ਦਾ ਜਜ਼ਬਾ ਹੈ। ਉਹਨਾਂ ਕਿਹਾ ਕਿ ਸਾਡਾ ਮਕਸਦ ਸਾਰੇ ਸੀਨੀਅਰ ਕਾਂਗਰਸ ਆਗੂਆਂ ਦੀ ਸਲਾਹ ਨਾਲ ਇਕੱਠੇ ਹੋ ਕੇ ਚੱਲਾਂਗੇ। ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਚੰਨੀ ਨੇ ਕਿਹਾ ਕਿ ਲੋਕ ਬਦਲਾਅ ਚਾਹੁੰਦੇ ਸਨ ਅਤੇ ਉਹਨਾਂ ਅਨੁਸਾਰ ‘ਬਦਲਾਅ’ ਆਇਆ ਹੈ। ਉਹਨਾਂ ਕਿਹਾ ਅਜੇ ਸ਼ੁਰੂਆਤ ਹੈ, ਸਰਕਾਰ ਨੂੰ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਮੁਫ਼ਤ ਬਿਜਲੀ ਦੇ ਐਲਾਨ ਸਬੰਧੀ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ 3 ਰੁਪਏ ਪ੍ਰਤੀ ਯੂਨਿਟ ਮੁਆਫ ਕੀਤੇ ਸਨ, ਇਹ ਵੱਡੀ ਗੱਲ ਸੀ। ਜੇਕਰ ਇਹ ਐਲਾਨ ਵਾਪਸ ਲਿਆ ਜਾਂਦਾ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਹੋਵੇਗਾ। ਉਹਨਾ ਕਿਹਾ ਕਿ ਪੰਜਾਬ 'ਚ 27 ਲੱਖ ਪਰਿਵਾਰਾਂ ਦਾ 200 ਯੂਨਿਟ ਬਿਜਲੀ ਬਿੱਲ ਤਾਂ ਅਸੀਂ ਪਹਿਲਾਂ ਹੀ ਮਾਫ਼ ਕਰ ਚੁੱਕੇ ਸੀ। ਹੁਣ 300 ਯੂਨਿਟ ਸਬੰਧੀ ਸਰਕਾਰ ਨੂੰ ਸੋਚ ਸਮਝ ਕੇ ਫੈਸਲਾ ਲੈਣ ਦੀ ਲੋੜ ਹੈ।

Charanjit Singh Channi

ਇਸ ਤੋਂ ਬਾਅਦ ਕਾਂਗਰਸੀ ਆਗੂ ਕੈਪਟਨ ਸੰਧੂ ਨੇ ਕਿਹਾ ਕਿ ਜੇਕਰ ਹੁਣ ਸਮੁੱਚੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਇਕੱਠੀ ਹੋ ਕੇ ਨਹੀਂ ਚੱਲੇਗੀ ਤਾਂ ਕਾਂਗਰਸੀ ਵਰਕਰ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਸੀਨੀਅਰ ਲੀਡਰਸ਼ੀਪ ਦੀ ਜ਼ਿੰਮੇਵਾਰੀ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲੇ। ਉਹਨਾਂ ਕਿਹਾ ਕਿ ਕਾਂਗਰਸ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਏਗੀ।