ਪਛੜੀ ਸ਼੍ਰੇਣੀ ਦਾ ਸਰਟੀਫ਼ਿਕੇਟ ਬਣਾ ਕੇ ਸਰਕਾਰੀ ਨੌਕਰੀ ਲੈਣ ਦੇ ਦੋਸ਼ ’ਚ ਏਅਰ ਇੰਡੀਆ ਦਾ ਪਾਇਲਟ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਐਲ.ਓ.ਸੀ. ਜਾਰੀ ਹੋਣ ’ਤੇ ਪੁਲਿਸ ਨੇ ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ

photo

 

ਡੇਰਾਬੱਸੀ (ਗੁਰਜੀਤ ਸਿੰਘ ਈਸਾਪੁਰ) : ਡੇਰਾਬੱਸੀ ਪੁਲਿਸ ਨੇ 17 ਸਾਲ ਪਹਿਲਾਂ ਪਛੜੀ ਸ੍ਰੇਣੀ ਦਾ ਸਰਟੀਫ਼ਿਕੇਟ ਬਣਾ ਕੇ ਸਰਕਾਰੀ ਨੌਕਰੀ ਲੈਣ ਦੇ ਦੋਸ਼ ’ਚ ਲੋੜੀਂਦੇ ਮਾਮਲੇ ਵਿਚ ਪੁਲਿਸ ਨੇ ਏਅਰ ਇੰਡੀਆ ਦੇ ਪਾਇਲਟ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਲਈ ਜੇਲ ਭੇਜ ਦਿਤਾ ਹੈ। ਡੇਰਾਬੱਸੀ ਪੁਲਿਸ ਨੇ ਉਕਤ ਮਾਮਲੇ ਸਬੰਧੀ 18 ਜਨਵਰੀ 2022 ਨੂੰ ਆਈਪੀਸੀ ਦੀ ਧਾਰਾ 199 ਅਤੇ 420 ਤਹਿਤ ਮਾਮਲਾ ਦਰਜ ਕੀਤਾ ਸੀ। 

ਏਅਰ ਇੰਡੀਆ ਦੇ ਪਾਇਲਟ ਨੂੰ ਇੰਦਰਾ ਗਾਂਧੀ ਹਵਾਈ ਅੱਡਾ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਪਾਇਲਟ ਅਮਿਤ ਵਾਸੀ ਪਿੰਡ ਭਵਾਤ ਥਾਣਾ ਜ਼ੀਰਕਪੁਰ ਜ਼ਿਲ੍ਹਾ ਐਸ ਏ.ਐਸ ਨਗਰ ’ਤੇ 17 ਸਾਲ ਪਹਿਲਾਂ ਪਛੜੀ ਸ੍ਰੇਣੀ ਦਾ ਸਰਟੀਫ਼ਿਕੇਟ ਬਣਾ ਕੇ ਸਰਕਾਰੀ ਨੌਕਰੀ ਲੈਣ ਦੇ ਦੋਸ਼ ਹੈ। 

ਤਫ਼ਤੀਸੀ ਅਫ਼ਸਰ ਏ.ਐਸ.ਆਈ ਪਰਮਜੀਤ ਸਿੰਘ ਨੇ ਦਸਿਆ ਕਿ ਮਾਮਲਾ ਸਾਲ 2006 ਦਾ ਹੈ, ਜਿਸ ਵਿਚ ਦਰਖ਼ਾਸਤਕਰਤਾ ਮਨਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਚੰਡੀਗੜ੍ਹ ਨੇ ਦਸਿਆ ਕਿ ਮੁਲਜ਼ਮ ਨੇ ਸਾਲ 2006 ਵਿਚ ਨਾਨ ਕਰੀਮੀ ਲੈਅਰ ਤਹਿਤ ਓਬੀਸੀ ਦਾ ਸਰਟੀਫ਼ਿਕੇਟ (ਘੱਟ ਆਮਦਨ ਦੇ ਵਸੀਲਿਆਂ ਤੋਂ ਪਛੜੀ ਸ੍ਰੇਣੀ ਦਾ ਸਰਟੀਫ਼ਿਕੇਟ) ਲੈਣ ਵਾਸਤੇ ਤਹਿਸਾਲਦਾਰ ਡੇਰਾਬੱਸੀ ਕੋਲ ਬਿਨੈ ਕੀਤਾ ਸੀ। ਪ੍ਰਮਾਣ ਪੱਤਰ ਲੈਣ ਲਈ ਸ਼ਰਤ ਸੀ ਕਿ ਸਾਰੇ ਵਸੀਲਿਆ ਤੋਂ ਆਮਦਨ 2.5 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਸੀ, ਜਦਕਿ ਉਕਤ ਵਿਅਕਤੀ ਦੀ ਸਲਾਨਾ ਆਮਦਨ 2.50 ਲੱਖ ਰੁਪਏ ਤੋਂ ਕਿਤੇ ਜ਼ਿਆਦਾ ਸੀ। ਮਾਮਲਾ ਦਰਜ ਕਰਨ ਤੋਂ ਬਾਅਦ ਉਕਤ ਮੁਲਜ਼ਮ ਕਿਸੇ ਵੀ ਤਫ਼ਤੀਸ ਵਿਚ ਸ਼ਾਮਲ ਨਹੀਂ ਹੋਇਆ। ਆਖ਼ਰ ਪੁਲਿਸ ਨੇ ਐਲ.ਓ.ਸੀ ਜਾਰੀ ਕਰਨ ਲਈ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਿਆ। ਐਲ.ਓ.ਸੀ. ਜਾਰੀ ਹੋਣ ’ਤੇ ਪੁਲਿਸ ਨੇ ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ।