ਨੌਜਵਾਨਾਂ ਨੂੰ ਪੰਜਾਬ ਦੀ ਮਾਂ ਖੇਡ ਕਬੱਡੀ ਨਾਲ ਜੋੜ ਰਹੀ ਹੈ ਇੰਟਰਨੈਸ਼ਨਲ ਕਬੱਡੀ ਖਿਡਾਰਣ
ਕਿਹਾ, ਜੇ ਅੰਦਰ ਜਜ਼ਬਾ ਹੈ ਤਾਂ ਕੋਈ ਕੰਮ ਰੁਕ ਨਹੀਂ ਸਕਦਾ
ਪੰਜਾਬ ’ਚ ਖੇਡ ਕਬੱਡੀ ਨੂੰ ਬੱਚੇ ਤੋਂ ਲੈ ਕੇ ਬਜ਼ੁਰਗਾਂ ਤਕ ਬਹੁਤ ਪਿਆਰ ਕਰਦੇ ਹਨ ਤੇ ਪੰਜਾਬ ’ਚ ਬਹੁਤ ਨਾਮੀ ਖਿਡਾਰੀ ਵੀ ਹੋਏ ਜਿਨ੍ਹਾਂ ਦਾ ਨਾਮ ਬੋਲਦਾ ਹੈ। ਕਬੱਡੀ ਨੂੰ ਪੰਜਾਬ ਦੀ ਮਾਂ ਖੇਡ ਕਿਹਾ ਜਾਂਦਾ ਹੈ। ਪੰਜਾਬ ਵਿਚ ਦੋ ਤਰ੍ਹਾਂ ਦੀ ਕਬੱਡੀ ਖੇਡੀ ਜਾਂਦੀ ਹੈ ਪੰਜਾਬ ਸਟਾਈਲ ਤੇ ਨੈਸ਼ਨਲ ਸਟਾਈਲ। ਦਸ ਦਈਏ ਇਸ ਖੇਡ ਨੂੰ ਮੁੰਡੇ ਤੇ ਕੁੜੀਆਂ ਦੋਵੇਂ ਹੀ ਬੜੇ ਉਤਸ਼ਾਹ ਨਾਲ ਖੇਡਦੇ ਹਨ। ਇਸੇ ਤਰ੍ਹਾਂ ਸਮਾਣਾ ਦੀ ਰਹਿਣ ਵਾਲੀ ਖਿਡਾਰਣ ਜਤਿੰਦਰ ਕੌਰ ਜੌਹਲ ਜੋ ਨੈਸ਼ਨਲ ਸਟਾਈਲ ਕਬੱਡੀ ਖੇਡਦੀ ਹੈ ਤੇ ਇਕ ਅਕੈਡਮੀ ਵੀ ਚਲਾਉਂਦੀ ਹੈ ਤੇ ਪੰਜਾਬ ਦੀ ਨੌਜਵਾਨੀ ਬਚਾਉਣ ਲਈ ਨੌਜਵਾਨਾਂ ਨੂੰ ਕਬੱਡੀ ਖੇਡਣਾ ਸਿਖਾਉਂਦੀ ਹੈ।
ਜਤਿੰਦਰ ਕੌਰ ਨੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਮੈਂ ਆਪਣੇ ਪਿੰਡ ਦੇ ਸਕੂਲ ਵਿਚ ਹੀ 8ਵੀਂ ਕਲਾਸ ਵਿਚ ਪੜ੍ਹਦੀ ਸੀ, ਉਦੋਂ ਮੇਰੀ ਅੰਗਰੇਜ਼ੀ ਦੀ ਅਧਿਆਪਕਾ ਹਰਦੀਪ ਕੌਰ ਨੇ ਮੈਨੂੰ ਕਬੱਡੀ ਖੇਡਣ ਲਈ ਕਿਹਾ ਤੇ ਮੈਂ ਕਬੱਡੀ ਖੇਡਣ ਲੱਗ ਪਈ, ਜਿਸ ਤੋਂ ਬਾਅਦ ਮੇਰੇ ਪਰਿਵਾਰ ਨੇ ਵੀ ਮੈਨੂੰ ਪੂਰਾ ਸਹਿਯੋਗ ਦਿਤਾ। ਜਤਿੰਦਰ ਕੌਰ ਨੇ ਕਿਹਾ ਕਿ ਮੇਰੇ 7 ਭਰਾ ਹਨ ਜਿਨ੍ਹਾਂ ਦੀ ਮੈਂ ਇਕੱਲੀ ਭੈਣ ਹਾਂ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਜੀ ਜਦੋਂ ਖੇਤਾਂ ਵਿਚ ਸਾਈਕਲ ’ਤੇ ਜਾਂਦੇ ਸਨ ਤਾਂ ਅਸੀਂ ਸਾਰੇ ਭੈਣ ਭਰਾ ਉਨ੍ਹਾਂ ਨਾਲ ਭੱਜ ਕੇ ਜਾਂਦੇ ਤੇ ਆਉਂਦੇ ਸੀ।
ਉਨ੍ਹਾਂ ਕਿਹਾ ਕਿ ਨੈਸ਼ਨਲ ਸਟਾਈਡ ਕਬੱਡੀ ਇਕ ਟੈਕਨੀਕਲ ਖੇਡ ਹੈ। ਜਿਸ ਵਿਚ ਤੁਹਾਡੇ ਸਾਹਮਣੇ 7 ਖਿਡਾਰੀ ਹੁੰਦੇ ਹਨ ਤੇ ਤੁਸੀਂ 30 ਸੈਕਿੰਡ ਅੰਦਰ ਉਨ੍ਹਾਂ ਨੂੰ ਛੂਹ ਕੇ ਵਾਪਸ ਆਉਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇ ਮੇਰੇ ਕੋਲ ਦੋ ਅੱਖਾਂ ਹਨ ਤਾਂ ਸਾਹਮਣੇ 14 ਅੱਖਾਂ ਹਨ, ਹੁਣ ਮੈਂ ਆਪ ਨੂੰ 14 ਅੱਖਾਂ ਤੋਂ ਕਿਵੇਂ ਬਚਾਉਣਾ ਹੈ, ਇਹ ਤਕਨੀਕ ਹੈ। ਮੇਰੇ ਕੋਚ ਦਾ ਨਾਮ ਬੁੱਧ ਸਿੰਘ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਵਿਚ ਮੇਰਾ ਸੋਨ ਤਮਗ਼ਾ ਹੈ ਤੇ ਆਲ ਇੰਡੀਆ ’ਚ ਚਾਂਦੀ ਦਾ ਤਮਗ਼ਾ ਹੈ। ਉਨ੍ਹਾਂ ਕਿਹਾ ਕਿ ਜੇ ਸਾਡੀਆਂ ਸਰਕਾਰਾਂ ਇੰਨੀਆਂ ਚੰਗੀਆਂ ਹੋਣ ਤਾਂ ਅਸੀਂ ਧੱਕੇ ਹੀ ਕਿਉਂ ਖਾਈਏ।
ਉਨ੍ਹਾਂ ਕਿਹਾ ਕਿ ਬਹੁਤ ਬੱਚੇ ਇਸ ਲਈ ਨਹੀਂ ਖੇਡਦੇ ਕਿ ਉਨ੍ਹਾਂ ਦੇ ਸੱਟ ਲੱਗ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਅਸੀਂ ਗਰਾਉਂਡ ਵਿਚ ਜਾਵਾਂਗੇ ਤਾਂ ਸੱਟ ਤਾਂ ਲੱਗੇਗੀ ਹੀ, ਜਿੰਨਾ ਡਰੋਗੇ ਉਨੀ ਸੱਟ ਲੱਗੇਗੀ। ਉਨ੍ਹਾਂ ਕਿਹਾ ਕਿ ਜੇ ਤੁਹਾਡੇ ਅੰਦਰ ਕੁੱਝ ਕਰਨ ਦਾ ਜਜ਼ਬਾ ਹੈ ਤਾਂ ਸਾਇਦ ਹੀ ਕੋਈ ਅਜਿਹਾ ਕੰਮ ਹੈ ਜੋ ਤੁਸੀਂ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਮੈਂ ਸਮਾਣਾ ਵਿਚ ਇਕ ਛੋਟੀ ਹੀ ਅਕੈਡਮੀ ਖੋਲ੍ਹੀ ਹੈ ਤੇ ਜਿਥੇ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਸ ਨੂੰ ਬੁਰਾ ਕਹਿਣ ਵਾਲੇ ਵੀ ਬਹੁਤ ਹੁੰਦੇ ਹਨ।
ਇਸ ’ਤੇ ਦੋ ਲਾਈਨਾਂ ਬੋਲਦੇ ਹੋਏ ਉਨ੍ਹਾਂ ਕਿਹਾ ਕਿ ‘ਹਿੰਮਤ ਕਰ ਜੇ ਰਸਤੇ ’ਚ ਕਠਨਾਈਆਂ ਨੇ, ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ’, ਮੰਜ਼ਿਲ ਦੇ ਮੱਥੇ ’ਤੇ ਤੱਖ਼ਤੀ ਲੱਗਦੀ ਉਨ੍ਹਾਂ ਦੀ ਠੋਕਰਾਂ ਨੂੰ ਠੋਕਰਾਂ ਜਿਨ੍ਹਾਂ ਨੇ ਲਾਈਆਂ ਨੇ। ਉਨ੍ਹਾਂ ਕਿਹਾ ਕਿ ਮੇਰਾ ਕੰਮ ਏ ਤੁਰਨਾ ਤੇ ਜਿਨ੍ਹਾਂ ਨੇ ਲੱਤਾਂ ਖਿੱਚਣੀਆਂ ਨੇ ਖਿੱਚਦੇ ਰਹਿਣ, ਬਸ ਰੱਬ ਨਾ ਮਾਰੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਤੇ ਖੇਡਾਂ ਵਲ ਲਾਉਣਾ ਚਾਹੀਦਾ ਹੈ ਤਾਂ ਜੋ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਤੇ ਤੰਦਰੁਸਤ ਰਹਿਣ।