ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ ਕਾਂਗਰਸ ਸਰਕਾਰ : ਵਿੱਤ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਦੂਜੇ ਦਿਨ ਲੱਖਾਂ ਰੁਪਏ ਦੀ ਗ੍ਰਾਂਟਾਂ ਦੇ ਚੈੱਕ ਵੰਡੇ

Manpreet Badal

ਬਠਿੰਡਾ,  ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਦੂਜੇ ਦਿਨ ਸ਼ਹਿਰ ਦੇ ਵਿਕਾਸ ਲਈ ਲੱਖਾਂ ਰੁਪਏ ਦੇ ਚੈੱਕ ਵੰਡੇ ਗਏ। ਇਸ ਮੌਕੇ ਉਨ੍ਹਾਂ ਕਿਹਾ ਪੰਜਾਬ ਸਰਕਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰੇਗੀ। ਵਿੱਤ ਮੰਤਰੀ ਨੇ ਨਰੂਆਣਾ ਰੋਡ 'ਤੇ ਬਾਵਾ ਬਰਾਦਰੀ ਦੀ ਧਰਮਸ਼ਾਲਾ ਲਈ ਦਸ ਲੱਖ ਦੀ ਗ੍ਰਾਂਟ ਦਾ ਚੈੱਕ ਦਿਤਾ। ਇਥੇ ਹੀ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਹਾਈ ਸਕੂਲ ਬਣਾਉਣ ਦਾ ਐਲਾਨ ਵੀ ਕੀਤਾ। ਇਸ ਤੋਂ ਬਾਅਦ ਵਿੱਤ ਮੰਤਰੀ ਵਾਰਡ ਨੰਬਰ 14 ਹਾਊਸਫੈਡ ਕਲੋਨੀ ਪੁੱਜੇ ਜਿੱਥੇ ਉਨ੍ਹਾਂ ਕਲੋਨੀ ਵਿਚ ਕਮਿਊਨਟੀ ਸੈਂਟਰ ਲਈ 25 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਪ੍ਰਬੰਧਕਾਂ ਨੂੰ ਸੌਂਪਿਆ। ਡੱਬਵਾਲੀ ਰੋਡ 'ਤੇ ਬਣੇ ਓਵਰ ਬ੍ਰਿਜ  ਹੇਠਾਂ ਇੰਟਰਲਾਕਿੰਗ ਟਾਇਲਾਂ ਲਈ ਵੀ ਦਸ ਲੱਖ ਦੀ ਗ੍ਰਾਂਟ ਦਿਤੀ।

ਵਿੱਤ ਮੰਤਰੀ ਗਣਪਤੀ ਇਨਕਲੇਵ ਵਿਚ ਮਾਹੀ ਰੈਸਟੋਰੈਂਟ ਦਾ ਉਦਘਾਟਨ ਕਰਨ ਉਪਰੰਤ ਸ਼ਹੀਦ ਜਰਨੈਲ ਸਿੰਘ ਸੁਸਾਇਟੀ ਦੁਆਰਾ ਲਗਾਏ ਗਏ ਖੂਨਦਾਨ ਕੈਂਪ ਵਿਚ ਪੁੱਜ ਕੇ ਖ਼ੂਨਦਾਨੀਆਂ ਦੀ ਹੌਸਲਾ ਅਫ਼ਜਾਈ ਕੀਤੀ। ਉਨ੍ਹਾਂ ਸੁਸਾਇਟੀ ਨੂੰ ਵੀ ਦੋ ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਆਵਾ ਬਸਤੀ ਵਾਰਡ ਨੰਬਰ 35 'ਚ ਪੁੱਜ ਕੇ ਵਿੱਤ ਮੰਤਰੀ ਨੇ ਧਰਮਸ਼ਾਲਾ ਲਈ ਮਹਾਂਰਿਸ਼ੀ ਬਾਲਮਿਕੀ ਟਰੱਸਟ ਦੇ ਅਹੁਦੇਦਾਰਾਂ ਨੂੰ 20 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ। ਪਰਸ ਰਾਮ ਨਗਰ ਦੇ ਵਾਰਡ ਨੰਬਰ 46 ਵਿਚ ਡਕੌਤ ਧਰਮਸ਼ਾਲਾ ਲਈ ਪੰਜ ਲੱਖ ਦਾ ਚੈੱਕ ਦਿਤਾ। ਇਸ ਮੌਕੇ ਜੈਜੀਤ ਜੌਹਲ,ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਮੋਹਨ ਲਾਲ ਝੁੰਬਾ, ਅਸ਼ੌਕ ਪਰਧਾਨ, ਅਰੁਣ ਵਧਾਵਨ, ਰਾਜਨ ਗਰਗ, ਪਵਨ ਮਾਨੀ, ਆਦਿ ਹਾਜ਼ਰ ਸਨ।