ਸਿਖਿਆ ਸੁਧਾਰ ਲਈ ਸਰਕਾਰੀ ਸਕੂਲਾਂ ਦੇ ਨਾਲ-ਨਾਲ ਮਾਨਤਾ ਪ੍ਰਾਪਤ ਸਕੂਲਾਂ ਦਾ ਸਾਥ ਵੀ ਜ਼ਰੂਰੀ : ਸੋਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਭਰ ਤੋਂ ਆਏ ਮਾਨਤਾ ਪ੍ਰਾਪਤ ਸਕੂਲਾਂ ਵਲੋਂ ਸੋਨੀ ਨੂੰ ਕੀਤਾ ਸਨਮਾਨਤ

Om parkash Soni

ਅੰਮ੍ਰਿਤਸਰ, 13 ਮਈ : ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਸਿਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਰਕਾਰੀ ਸਕੂਲਾਂ ਦੇ ਨਾਲ-ਨਾਲ ਮਾਨਤਾ ਪ੍ਰਾਪਤ ਐਫਲੀਏਟਲ ਸਕੂਲਾਂ ਦਾ ਸਾਥ ਵੀ ਲਿਆ ਜਾਵੇਗਾ ਅਤੇ ਇਸ ਲਈ ਇਨ੍ਹਾਂ ਸਕੂਲਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦਾ ਹਰ ਸੰਭਵ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਅੱਜ ਮਾਨਤਾ ਪ੍ਰਾਪਤ ਐਫਲੀਏਟਲ ਸਕੂਲ ਐਸੋਸੀਏਸ਼ਨ (ਰਾਸਾ) ਵਲੋਂ ਸੈਲੀਬਰੇਸ਼ਨ ਹਾਲ ਵਿਚ  ਕਰਵਾਏ ਗਏ ਸਨਮਾਨ ਸਮਾਰੋਹ ਵਿਚ ਬੋਲਦੇ ਸ੍ਰੀ ਸੋਨੀ ਨੇ ਕਿਹਾ ਕਿ ਹਾਲ ਹੀ ਵਿਚ ਆਏ ਨਤੀਜਿਆਂ ਨੂੰ ਸੁਧਾਰਨ ਲਈ ਜ਼ਰੂਰੀ ਹੈ ਕਿ ਪੰਜਾਬ ਵਿਚ ਸਿਖਿਆ ਦਾ ਪੱਧਰ ਸੁਧਾਰਿਆ ਜਾਵੇ। ਇਸ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਮੈਂ ਬਤੌਰ ਸਿਖਿਆ ਮੰਤਰੀ ਕੋਸ਼ਿਸ਼ ਕਰਾਂਗਾ ਕਿ ਸਕੂਲਾਂ ਚਾਹੇ ਉਹ ਸਰਕਾਰੀ ਹੋਣ ਜਾਂ ਮਾਨਤਾ ਪ੍ਰਾਪਤ ਇਨ੍ਹਾਂ ਵਿਚ ਸਿਖਿਆ ਨੂੰ ਲੈ ਕੇ ਕੋਈ ਪਰੇਸ਼ਾਨੀ ਬਾਕੀ ਨਾ ਰਹੇ, ਤਾਂ ਜੋ ਇਹ ਸਕੂਲ ਅਪਣਾ ਸਾਰਾ ਸਮਾਂ ਅਤੇ ਧਿਆਨ ਸਿਖਿਆ 'ਤੇ ਦੇ ਸਕਣ। ਸ੍ਰੀ ਸੋਨੀ ਨੇ ਕਿਹਾ ਕਿ ਮਾਨਤਾ ਪ੍ਰਾਪਤ ਸਕੂਲ ਵੀ ਸਾਡੇ ਪਰਵਾਰ ਦਾ ਹਿੱਸਾ ਹਨ ਅਤੇ ਰਾਜ ਦੀ ਸਿਖਿਆ ਵਿਚ ਸੁਧਾਰ ਲਈ ਜ਼ਰੂਰੀ ਹੈ ਕਿ ਇਸ ਪਰਵਾਰ ਨੂੰ ਨਾਲ ਲੈ ਕੇ ਚੱਲਿਆ ਜਾਵੇ।

ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਨੂੰ ਨਵੇਂ ਵਿਦਿਅਕ ਵਰ੍ਹੇ ਵਿਚ ਸਿਖਿਆ ਦੇ ਪੱਖ ਤੋਂ ਪੈਰਾਂ 'ਤੇ ਕਰ ਦਿਤਾ ਜਾਵੇਗਾ। ਉਨਾਂ ਕਿਹਾ ਕਿ ਮੈਨੂੰ ਇਸ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਸਕੂਲ ਅਧਿਆਪਕਾਂ ਤੋਂ ਵੀ ਸਹਿਯੋਗ ਦੀ ਆਸ ਹੈ। ਉਨਾਂ ਕਿਹਾ ਕਿ ਸਾਡੇ ਬੱਚੇ ਸਾਡਾ ਭਵਿੱਖ ਹਨ ਅਤੇ ਭਵਿੱਖ ਨੂੰ ਸਾਂਭਣਾ ਤੇ ਸਿੱਧੇ ਰਾਹ ਪਾਉਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਪੰਜਾਬ ਭਰ ਤੋ ਆਏ ਸਾਰੇ ਜ਼ਿਲ੍ਹਿਆਂ ਦੇ ਰਾਸਾ ਦੇ ਅਹੁਦੇਦਾਰਾਂ ਨੇ ਸਿਖਿਆ ਮੰਤਰੀ ਨੂੰ ਜੀ ਆਇਆ ਕਹਿ ਕੇ ਸਨਮਾਨਤ ਵੀ ਕੀਤਾ ਗਿਆ।  ਇਸ ਮੌਕੇ ਰਾਸਾ ਦੇ ਜਨਰਲ ਸਕੱਤਰ ਪੰਜਾਬ ਸ਼੍ਰੀ ਕੁਲਵੰਤ ਰਾਏ ਸ਼ਰਮਾ, ਵਾਈਸ ਪ੍ਰੈਸੀਡੈਟ ਡੀ ਆਰ ਪਠਾਨੀਆ, ਕੈਸ਼ੀਅਰ ਰਾਸਾ ਨਰਿੰਦਰਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸੋਹਣ ਸਿੰਘ, ਮੈਡਮ ਸੂਰੀ, ਜੇ ਜੇ ਕਠਾਨੀਆ, ਤਰਨਤਾਰਨ ਤੋ ਜ਼ਿਲਾ ਰਾਸਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਗਿਲ, ਮੋਗਾ ਤੋ ਜਸਵਿੰਦਰ ਸਿੰਘ, ਜਲੰਧਰ ਤੋ ਵੇਦ ਪ੍ਰਕਾਸ਼ ਭਾਰਦਵਾਜ, ਮਾਨਸਾ ਤੋ ਗੁਰਦੀਪ ਸਿੰਘ ਮੋਖਾ, ਲੁਧਿਆਣਾ ਤੋ ਉਮੇਸ਼ ਚੌਧਰੀ, ਹੁਸਿਆਰਪੁਰ ਤੋਂ ਰਾਜੇਸ਼ ਠਾਕੁਰ, ਸ਼ਹੀਦ ਭਗਤ ਸਿੰਘ ਨਗਰ ਤੋਂ ਅਜੀਤ ਪਾਲ ਆਦਿ ਪੰਜਾਬ ਵਿਚੋ ਰਾਸਾ ਦੇ ਅਹੁਦੇਦਾਰ ਹਾਜ਼ਰ ਸਨ ।