ਤਿੰਨ ਹੋਰ ਕਾਂਗਰਸੀ ਵਿਧਾਇਕਾਂ ਨੇ ਅਲਾਪੇ ਬਾਗ਼ੀ ਸੁਰ, ਵਿਧਾਨ ਸਭਾ ਕਮੇਟੀ ਤੋਂ ਦਿਤੇ ਅਸਤੀਫ਼ੇ
ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਵਜ਼ਾਰਤੀ ਵਾਧੇ ਤੋਂ ਬਾਅਦ ਅੰਦਰੋ ਅੰਦਰ ਸੁਲਘਦੀ ਅੱਗ ਦੀ ਚਿਗਾਰੀ ਉਸ ਸਮੇਂ ...
ਚੰਡੀਗੜ੍ਹ : ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਵਜ਼ਾਰਤੀ ਵਾਧੇ ਤੋਂ ਬਾਅਦ ਅੰਦਰੋ ਅੰਦਰ ਸੁਲਘਦੀ ਅੱਗ ਦੀ ਚਿਗਾਰੀ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਤਿੰਨ ਹੋਰ ਕਾਂਗਰਸੀ ਵਿਧਾਇਕਾਂ ਨੇ ਅਪਣੀ ਨਾਰਾਜ਼ਗੀ ਖੁੱਲ੍ਹੇ ਤੌਰ 'ਤੇ ਜੱਗ ਜ਼ਾਹਿਰ ਕਰਦਿਆਂ ਵਿਧਾਨ ਸਭਾ ਕਮੇਟੀਆਂ ਤੋਂ ਅਸਤੀਫ਼ੇ ਦੇ ਦਿਤੇ। ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਸਤੀਫ਼ੇ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮਿਲ ਕੇ ਸੌਂਪੇ ਗਏ।
ਇਹੀ ਨਹੀਂ, ਅਸਤੀਫ਼ੇ ਦੇਣ ਵਾਲੇ ਇਨ੍ਹਾਂ ਸੀਨੀਅਰ ਵਿਧਾਇਕਾਂ ਨੇ ਇਹ ਵੀ ਐਲਾਨ ਕਰ ਦਿਤਾ ਹੈ ਕਿ ਉਹ ਛੇਤੀ ਹੀ ਕੁਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ ਕਿਉਂਕਿ ਉਨ੍ਹਾਂ ਨੂੰ ਸੀਨੀਅਰਤਾ ਦੇ ਹਿਸਾਬ ਨਾਲ ਮਾਣ ਸਨਮਾਨ ਨਹੀਂ ਦਿਤਾ ਗਿਆ। ਸੂਤਰਾਂ ਅਨੁਸਾਰ ਰਾਕੇਸ਼ ਪਾਂਡੇ, ਰਣਦੀਪ ਸਿੰਘ ਨਾਭਾ ਅਤੇ ਅਮਰੀਕ ਸਿੰਘ ਢਿੱਲੋਂ ਨੇ ਵਿਧਾਨ ਸਭਾ ਕਮੇਟੀਆਂ ਤੋਂ ਅਸਤੀਫ਼ੇ ਦੇਣ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਹ ਤਿੰਨੇ ਵਿਧਾਇਕ ਅਪਣੇ ਆਪ ਨੂੰ ਸੀਨੀਅਰ ਮੰਨਦੇ ਹੋਏ ਕੈਬਨਿਟ ਵਿਸਥਾਰ ਦੌਰਾਨ ਮੰਤਰੀ ਮੰਡਲ ਵਿਚ ਅਪਣੀ ਜਗ੍ਹਾ ਪੱਕੀ ਮੰਨ ਕੇ ਚੱਲ ਰਹੇ ਸਨ ਪਰ ਉਨ੍ਹਾਂ ਨੂੰ ਦਰਕਿਨਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਕੈਪਟਨ ਸਰਕਾਰ ਦੇ ਫ਼ੈਸਲੇ ਨਾਲ ਜਨਤਕ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਆਗੂਆਂ ਦੇ ਕਰੀਬੀ ਸੂਤਰਾਂ ਅਨੁਸਾਰ ਇਸ ਦੀ ਗੱਲ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ ਕਿ ਸੀਨੀਅਰ ਵਿਧਾਇਕਾਂ ਨੂੰ ਨਜ਼ਰਅੰਦਾਜ਼ ਕਰ ਕੇ ਜੂਨੀਅਰ ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ।
ਇਨ੍ਹਾਂ ਆਗੂਆਂ ਦੇ ਕਰੀਬੀ ਸੂਤਰਾਂ ਨੇ ਇਹ ਵੀ ਦਸਿਆ ਕਿ ਉਨ੍ਹਾਂ ਨੂੰ ਵਿਧਾਨ ਸਭਾ ਕਮੇਟੀਆਂ ਦੀ ਮੈਂਬਰੀ ਅਤੇ ਮੰਤਰੀ ਮੰਡਲ ਤੋਂ ਦੂਰ ਰੱਖਣਾ ਕਿਸੇ ਵੀ ਤਰ੍ਹਾਂ ਵਾਜ਼ਿਬ ਨਹੀਂ। ਇਸ ਕਰ ਕੇ ਉਹ ਵਿਧਾਨ ਸਭਾ ਕਮੇਟੀਆਂ ਦੇ ਮੈਂਬਰ ਨਹੀਂ ਬਣੇ ਰਹਿਣਾ ਚਾਹੁੰਦੇ।