ਭਾਰਤੀ ਚੋਣ ਕਮਿਸ਼ਨ ਵੱਲੋਂ ਡਾ. ਅਮਰ ਸਿੰਘ ਨੂੰ ਚੇਤਾਵਨੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾ. ਅਮਰ ਸਿੰਘ ਵੱਲੋਂ ਬਿਨ੍ਹਾਂ ਸ਼ਰਤ ਉਕਤ ਮਾਮਲੇ ਸਬੰਧੀ ਕਮਿਸ਼ਨ ਨੂੰ ਆਪਣਾ ਮੁਆਫ਼ੀ ਨਾਮਾ ਪੇਸ਼ ਕਰ ਦਿੱਤਾ ਸੀ

Dr. Amar Singh

ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਨੇ ਅੱਜ ਇਕ ਹੁਕਮ ਜਾਰੀ ਕਰਕੇ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਨੂੰ ਲੋਕ ਸਭਾ ਚੋਣਾਂ 2019 ਦੌਰਾਨ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਭਵਿੱਖ ਵਿਚ ਆਦਰਸ਼ ਚੋਣ ਜ਼ਾਬਤੇ ਨੂੰ ਧਿਆਨ ਵਿਚ ਰੱਖਦਿਆਂ ਕੋਈ ਵੀ ਬਿਆਨ ਜਾਰੀ ਕਰਨ ਵੇਲੇ ਸੁਚੇਤ ਰਹਿਣ ਲਈ ਕਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਦਰਬਾਰਾ ਸਿੰਘ ਗੁਰੂ ਵੱਲੋਂ 26 ਅਪ੍ਰੈਲ, 2019 ਨੂੰ ਇੱਕ ਸ਼ਿਕਾਇਤ ਕੀਤੀ ਸੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਵੱਲੋਂ 22 ਅਪ੍ਰੈਲ, 2019 ਨੂੰ ਜ਼ਿਲ੍ਹਾ ਸੰਗਰੂਰ ਦੇ ਅਮਰਗੜ੍ਹ ਵਿਖੇ ਆਪਣੀ ਚੋਣ ਮੀਟਿੰਗ ਦੌਰਾਨ ਉਨ੍ਹਾਂ (ਦਰਬਾਰਾ ਸਿੰਘ ਗੁਰੂ) ਖ਼ਿਲਾਫ ਬੇਹੱਦ ਇਤਰਾਜ਼ ਯੋਗ, ਝੂਠੇ ਦੋਸ਼ ਲਗਾਏ। ਡਾ. ਰਾਜੂ ਨੇ ਦੱਸਿਆ ਕਿ ਇਸ ਸਬੰਧੀ ਡਾ. ਅਮਰ ਸਿੰਘ ਵੱਲੋਂ ਬਿਨ੍ਹਾਂ ਸ਼ਰਤ ਉਕਤ ਮਾਮਲੇ ਸਬੰਧੀ ਕਮਿਸ਼ਨ ਨੂੰ ਆਪਣਾ ਮੁਆਫ਼ੀ ਨਾਮਾ ਪੇਸ਼ ਕਰ ਦਿੱਤਾ ਸੀ।

ਮੁੱਖ ਚੋਣ ਅਫ਼ਸਰ ਪੰਜਾਬ ਨੇ ਕਿਹਾ ਕਿ ਦੋਹਾਂ ਧਿਰਾਂ ਦੇ ਪੱਖ ਵਿਚਾਰਨ ਤੋਂ ਬਾਅਦ ਕਮਿਸ਼ਨ ਨੇ ਪਾਇਆ ਹੈ ਕਿ ਡਾ. ਅਮਰ ਸਿੰਘ ਨੇ ਆਦਰਸ਼ ਚੋਣ ਜ਼ਾਬਤੇ ਦੌਰਾਨ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੇ ਮਾਰਗ ਦਰਸ਼ਨ ਸਬੰਧੀ ਜਰਨਲ ਕੰਡਕਟ ਦੇ ਪਾਰਟ-1 ਦੇ ਪੈਰਾ-2 ਦੀ ਉਲੰਘਣਾ ਕੀਤੀ ਹੈ। ਇਸ ਲਈ ਲੋਕ ਸਭਾ ਚੋਣਾਂ 2019 ਦੌਰਾਨ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਭਵਿੱਖ ਵਿਚ ਅਦਰਸ਼ ਚੋਣ ਜ਼ਾਬਤੇ ਨੂੰ ਧਿਆਨ ਵਿਚ ਰੱਖਦਿਆਂ ਕੋਈ ਵੀ ਬਿਆਨ ਜਾਰੀ ਕਰਨ ਵੇਲੇ ਡਾ. ਅਮਰ ਸਿੰਘ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ।