ਜਾਖੜ ਦਾ ਗੁੱਸਾ ਵੀ ਫੁਟਿਆ, ਕਰਨ ਅਵਤਾਰ ਨੂੰ ਬਿਨਾਂ ਦੇਰੀ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਚੁੱਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਰੁਧ

File Photo

ਚੰਡੀਗੜ੍ਹ, 13 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਰੁਧ ਅਪਣੇ ਤੇਵਰ ਹੋਰ ਤਿੱਖੇ ਕਰ ਲਏ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਪੱਸ਼ਟ ਲਫ਼ਜ਼ਾਂ 'ਚ ਮੰਗ ਕੀਤੀ ਹੈ ਕਿ ਕਰਨ ਅਵਤਾਰ ਨੂੰ ਬਿਨਾਂ ਦੇਰੀ ਮੁੱਖ ਸਕੱਤਰ ਦੇ ਅਹੁਦੇ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ।

ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਖ਼ੁਦ ਹੀ ਕਰਨ ਅਵਤਾਰ ਤੋਂ ਐਕਸਾਈਜ਼ ਵਿਭਾਗ ਵਾਪਸ ਲੈਣ ਤੋਂ ਬਾਅਦ ਸਪੱਸ਼ਟ ਹੈ ਕਿ ਉਨ੍ਹਾਂ ਵਿਰੁਧ ਲੱਗੇ ਦੋਸ਼ਾਂ 'ਚ ਕੁੱਝ ਨਾ ਕੁੱਝ ਸਚਾਈ ਤਾਂ ਜ਼ਰੂਰ ਹੈ। ਅਜਿਹਾ ਅਫ਼ਸਰ ਜੋ ਸ਼ਰਾਬ ਕਾਰੋਬਾਰ 'ਚ ਹਿੱਸੇਦਾਰੀ ਦੇ ਗੰਭੀਰ ਇਲਜ਼ਾਮਾਂ ਦੇ ਘੇਰੇ 'ਚ ਹੋਵੇ, ਉਹ ਕਿਵੇਂ ਸੂਬੇ ਦੇ ਪ੍ਰਸ਼ਾਸਨ ਨੂੰ ਚਲਾ ਸਕਦਾ ਹੈ?

ਜਾਖੜ ਨੇ ਕਿਹਾ ਕਿ ਇਕ ਪਾਸੇ ਸੂਬਾ ਕੋਰੋਨਾ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਦੂਜੇ ਪਾਸੇ ਮੁੱਖ ਸਕੱਤਰ ਦੇ ਮੰਤਰੀਆਂ ਪ੍ਰਤੀ ਹੰਕਾਰੀ ਤੇ ਅੱਖੜ ਰਵਈਏ ਕਾਰਨ ਨਵੀਂ ਸਥਿਤੀ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਮੰਤਰੀਆਂ ਅਤੇ ਲੋਕਾਂ ਦੇ ਚੁਣੇ ਪ੍ਰਤੀਨਿਧਾਂ ਪ੍ਰਤੀ ਅਜਿਹਾ ਰਵਈਆ ਕਦੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਜਾਖੜ ਨੇ ਕਿਹਾ ਕਿ ਅਫ਼ਸਰਸ਼ਾਹੀ ਦੇ ਰਵਈਏ ਪ੍ਰਤੀ ਉਹ ਪਹਿਲਾਂ ਵੀ ਕਈ ਵਾਰ ਮੁੱਖ ਮੰਤਰੀ ਨੂੰ ਦਸ ਚੁੱਕੇ ਹਨ।

ਨੀਲੇ ਰੰਗ 'ਚ ਰੰਗੇ ਕਈ ਅਧਿਕਾਰੀ ਜਿਨ੍ਹਾਂ ਦੀ ਪਿਛਲੇ ਬਾਦਲ ਰਾਜ 'ਚ ਮਾਫ਼ੀਆ ਨਾਲ ਹਿੱਸੇਦਾਰੀ ਰਹੀ ਹੈ, ਉਹੀ ਹੁਣ ਜ਼ਿਆਦਾ ਤਾਕਤ ਮਿਲਣ ਕਾਰਨ ਅਪਣੇ ਰੰਗ ਵਿਖਾ ਕੇ ਸਰਕਾਰ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਕਾਂਗਰਸ ਦੇ ਵੀ ਹਿੱਤ 'ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਅਫ਼ਸਰਸ਼ਾਹੀ ਉਤੇ ਪਹਿਲਾਂ ਹੀ ਚੰਗੀ ਤਰ੍ਹਾਂ ਲਗਾਮ ਕਸੀ ਹੁੰਦੀ ਤਾਂ ਚੰਗਿਆੜੀ ਨੇ ਭਾਂਬੜ ਨਹੀਂ ਸੀ ਬਣਨਾ ਅਤੇ ਇਹ ਸਥਿਤੀ ਅੱਜ ਨਹੀਂ ਸੀ ਹੋਣੀ। ਜਾਖੜ ਨੇ ਕਿਹਾ ਕਿ ਪਾਰਟੀ ਅੰਦਰਲੇ ਹੀ ਕੁੱਝ ਸਵਾਰਥੀ ਲੋਕ ਮੌਜੂਦਾ ਘਟਨਾਕ੍ਰਮ ਨੂੰ ਅਪਣੇ ਨਿਜੀ ਸਵਾਰਥੀ ਹਿਤਾਂ ਲਈ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ 'ਚ ਵਿਵਾਦ ਬਣਾਉਣ ਦੀ ਕੋਸ਼ਿਸ਼ 'ਚ ਹਨ, ਜਦਕਿ ਅਜਿਹਾ ਨਹੀਂ ਸਿਰਫ਼ ਲੋਕਹਿਤਾਂ ਲਈ ਬੇਲਗਾਮ ਅਫ਼ਸਰਸ਼ਾਹੀ ਵਿਰੁਧ ਹੀ ਰੋਸ ਹੈ।