ਪਰਾਲੀ ਨਾਲ ਭਰਿਆ ਟਰੱਕ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਕਰ ਕੇ ਹੋਇਆ ਸੁਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਮੋਗਾ ਦੇ ਧੱਲੇਕੇ-ਦੁੱਨੇਕੇ ਪੁਲ ਦਰਮਿਆਨ ਨਹਿਰ ਦੀ ਪਟੜੀ ਤੋਂ ਲੰਘ ਰਹੇ ਪਰਾਲੀ ਨਾਲ ਭਰੇ ਟਰੱਕ ਨੂੰ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਨਾਲ ਟਕਰਾਉਣ ਕਾਰਨ

File Photo

ਮੋਗਾ, 13 ਮਈ (ਜਸਵਿੰਦਰ ਧੱਲੇਕੇ): ਅੱਜ ਮੋਗਾ ਦੇ ਧੱਲੇਕੇ-ਦੁੱਨੇਕੇ ਪੁਲ ਦਰਮਿਆਨ ਨਹਿਰ ਦੀ ਪਟੜੀ ਤੋਂ ਲੰਘ ਰਹੇ ਪਰਾਲੀ ਨਾਲ ਭਰੇ ਟਰੱਕ ਨੂੰ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਨਾਲ ਟਕਰਾਉਣ ਕਾਰਨ ਅੱਗ ਲੱਗ ਗਈ ਜਿਸ ਨਾਲ ਟਰੱਕ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਡਰਾਈਵਰ ਤੀਰਥ ਸਿੰਘ ਨੇ ਦਸਿਆ ਕਿ ਉਹ ਅੱਜ ਪਿੰਡ ਖੋਸਾ ਪਾਂਡੋ ਤੋਂ ਪਰਾਲੀ ਭਰ ਕੇ ਪਾਵਰ ਪਲਾਂਟ ਹਕੂਮਤਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਲਿਜਾ ਰਿਹਾ ਸੀ। ਜਦੋਂ ਉਸ ਨੇ ਜ਼ੀਰਾ ਰੋਡ ਮੋਗਾ ਤੋਂ ਫ਼ਿਰੋਜ਼ਪੁਰ ਰੋਡ ਜਾਣ ਲਈ ਨਹਿਰ ਦੇ ਨਾਲ ਬਣੇ ਬਾਈਪਾਸ ਤੋਂ ਨਿਕਲਣਾ ਚਾਹਿਆ ਤਾਂ ਪੁਲ ਉਪਰ ਨਾਕੇ 'ਤੇ ਤਾਇਨਾਤ ਮੁਲਾਜ਼ਮਾਂ ਵਲੋਂ ਟਰੱਕ ਨੂੰ ਰੋਕਣ 'ਤੇ ਉਸ ਨੇ ਅਪਣਾ ਟਰੱਕ ਅਪਣੀ ਮੰਜ਼ਲ 'ਤੇ ਪਹੁੰਚਣ ਲਈ ਨਹਿਰ ਦੇ ਨਾਲ ਦੁੱਨੇਕੇ ਪਾਸੇ ਵਾਲੇ ਰੋਡ ਤੋਂ ਫ਼ਿਰੋਜ਼ਪੁਰ ਰੋਡ ਉਪਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਰਸਤੇ ਵਿਚ ਹਾਈ ਵੋਲਟੇਜ ਤਾਰਾਂ ਨਾਲ ਟਰੱਕ ਟਕਰਾ ਗਿਆ ਜਿਸ ਨਾਲ ਪਰਾਲੀ ਨੂੰ ਅੱਗ ਲੱਗ ਗਈ।

ਲੋਕਾਂ ਵਲੋਂ ਰੌਲਾ ਪਾਉਣ 'ਤੇ ਡਰਾਈਵਰ ਅਪਣੀ ਜਾਨ ਬਚਾ ਕੇ ਛਾਲ ਮਾਰ ਕੇ ਟਰੱਕ ਵਿਚੋਂ ਬਾਹਰ ਆ ਗਿਆ। ਲੋਕਾਂ ਨੇ ਫ਼ਾਇਰ ਬ੍ਰਿਗੇਡ ਮੋਗਾ ਨੂੰ ਫ਼ੋਨ ਕੀਤਾ ਤਾਂ ਮੌਕੇ 'ਤੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜੱਦੋ-ਜਹਿਦ ਨਾਲ ਅੱਗ 'ਤੇ ਕਾਬੂ ਪਾਇਆ। ਮੌਕੇ 'ਤੇ ਪਹੁੰਚੇ ਐਸ.ਐਚ.ਓ. ਗੁਰਪ੍ਰੀਤ ਸਿੰਘ ਥਾਣਾ ਸਿਟੀ ਮੋਗਾ ਅਤੇ ਬਲਵਿੰਦਰ ਸਿੰਘ ਫ਼ਾਇਰ ਬ੍ਰਿਗੇਡ ਅਧਿਕਾਰੀ ਨੇ ਦਸਿਆ ਕਿ ਗੱਡੀ ਓਵਰ ਲੋਡ ਅਤੇ ਉਚੀ ਹੋਣ ਕਰ ਕੇ ਤਾਰਾਂ ਨਾਲ ਟਕਰਾਉਣ 'ਤੇ ਸਪਾਰਕ ਹੋਣ ਕਾਰਨ ਅੱਗ ਲੱਗੀ ਹੈ ਜਿਸ ਵਿਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।