ਕਾਂਗਰਸ ਹਾਈਕਮਾਨ ਦੇ ਸਖ਼ਤ ਸੰਦੇਸ਼ ਬਾਅਦ ਨਾਰਾਜ਼ ਆਗੂਆਂ ਦੇ ਫ਼ਿਲਹਾਲ ਤੇਵਰ ਨਰਮ ਪਏ

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸ ਹਾਈਕਮਾਨ ਦੇ ਸਖ਼ਤ ਸੰਦੇਸ਼ ਬਾਅਦ ਨਾਰਾਜ਼ ਆਗੂਆਂ ਦੇ ਫ਼ਿਲਹਾਲ ਤੇਵਰ ਨਰਮ ਪਏ

image


ਚੰਡੀਗੜ੍ਹ, 13 ਮਈ (ਗੁਰਉਪਦੇਸ਼ ਭੁੱਲਰ): ਪਿਛਲੇ ਕਈ ਦਿਨਾਂ ਤੋਂ ਕੋਟਕਪੂਰਾ ਗੋਲੀ ਕਾਂਡ ਬਾਰੇ ਹਾਈ ਕੋਰਟ ਦੇ ਫ਼ੈਸਲੇ ਨੂੰ  ਲੈ ਕੇ ਕੈਪਟਨ ਸਰਕਾਰ ਤੇ ਪੰਜਾਬ ਕਾਂਗਰਸ ਵਿਚ ਨਿਆਂ ਵਿਚ ਦੇਰੀ ਨੂੰ  ਲੈ ਕੇ ਨਰਾਜ਼ਗੀਆਂ ਪ੍ਰਗਟ ਕਰਦੇ ਹੋਏ ਕਈ ਮੰਤਰੀਆਂ ਤੇ ਕਾਂਗਰਸੀ ਵਿਧਾਇਕਾਂ ਵਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਤੇ ਲਾਬਿੰਗ ਦਾ ਸਿਲਸਿਲਾ ਭਾਵੇਂ ਜਾਰੀ ਹੈ ਪਰ ਪਾਰਟੀ ਹਾਈਕਮਾਨ ਤੋਂ ਸਖ਼ਤ ਸੰਦੇਸ਼ ਮਿਲਣ ਬਾਅਦ ਅੱਜ ਨਾਰਾਜ਼ ਮੰਤਰੀਆਂ ਤੇ ਵਿਧਾਇਕਾਂ ਦੀ ਸੁਰ ਅੱਜ ਫ਼ਿਲਹਾਲ ਨਰਮ ਹੋ ਗਈ ਹੈ | 10 ਦੇ ਕਰੀਬ ਮੰਤਰੀਆਂ ਤੇ ਬਹੁਤੇ ਵਿਧਾਇਕਾਂ ਵਲੋਂ ਕੈਪਟਨ ਦੇ ਸਮਰਥਨ ਵਿਚ ਆ ਜਾਣ ਨਾਲ ਵੀ ਬਾਗ਼ੀ ਸੁਰ ਅਪਨਾ ਕੇ ਮੀਟਿੰਗਾਂ ਕਰ ਰਹੇ ਆਗੂ ਨਰਮ ਪੈ ਗਏ ਹਨ |
ਇਸ ਸਮੇਂ ਨਵੀਂ ਸਿੱਟ ਨੇ ਵੀ ਇਕਦਮ ਗੋਲੀ ਕਾਂਡ ਦੀ ਜਾਂਚ ਤੇਜ਼ ਕਰ ਦਿਤੀ ਹੈ ਜਿਸ ਕਰ ਕੇ ਸ਼ਾਇਦ ਇਹ ਨਰਾਜ਼ ਆਗੂ ਫ਼ਿਲਹਾਲ ਇਕ ਦੋ ਮਹੀਨੇ ਹੋਰ ਦੇਖਣ ਦੇ ਰੋਂਅ ਵਿਚ ਹਨ | ਦੂਜੇ ਪਾਸੇ ਹੁਣ ਮੁੱਖ ਮੰਤਰੀ ਵਲੋਂ ਮੰਤਰੀ ਮੰਡਲ ਵਿਚ ਫੇਰਬਦਲ ਦੀਆਂ ਅਟਕਲਾਂ ਦਾ ਬਜ਼ਾਰ ਵੀ ਗਰਮ ਹੋ ਚੁੱਕਾ ਹੈ ਅਤੇ ਕੁੱਝ ਮੰਤਰੀਆਂ ਦੀ ਛਾਂਟੀ ਦੀ ਚਰਚਾ ਦੇ ਮੱਦੇਨਜ਼ਰ ਵੀ ਕੈਪਟਨ ਤੋਂ ਵਖਰੀਆਂ ਮੀਟਿੰਗਾਂ ਕਰ ਰਹੇ ਮੰਤਰੀਆਂ ਤੇ ਵਿਧਾਇਕਾਂ ਦੇ ਰੁਖ਼ ਵਿਚ ਤਬਦੀਲੀ ਆਈ ਹੈ | ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਕੈਪਟਨ ਨਾਲ ਖੜੇ ਹਨ ਅਤੇ 
ਉਹ ਹਾਈਕਮਾਨ ਨੂੰ  ਸਾਰੀ ਸਥਿਤੀ ਦੀ ਰੀਪੋਰਟ ਹਰ ਦਿਨ ਦੇ ਰਹੇ ਹਨ | ਸੂਤਰਾਂ ਦੀ ਮੰਨੀਏ ਤਾਂ ਕੋਰੋਨਾ ਮਹਾਂਮਾਰੀ ਦੇ ਸੰਕਟ ਵਿਚ ਪੰਜਾਬ ਸਰਕਾਰ ਅੰਦਰ ਸ਼ੁਰੂ ਹੋਈਆਂ ਮੀਟਿੰਗਾਂ ਨੂੰ  ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਠੀਕ ਨਹੀਂ ਸਮਝਿਆ | ਉਨ੍ਹਾਂ ਦਾ ਵਿਚਾਰ ਹੈ ਕਿ ਇਸ ਸਮੇਂ ਸਾਨੂੰ ਸੱਭ ਨੂੰ  ਇਕਜੁਟ ਹੋ ਕੇ ਕੋਰੋਨਾ ਮਹਾਂਮਾਰੀ ਨਾਲ ਲੜਨਾ ਚਾਹੀਦਾ ਹੈ | ਪਾਰਟੀ ਹਾਈਕਮਾਨ ਵਲੋਂ ਅਮਰਿੰਦਰ ਸਿੰਘ ਨੂੰ  ਸੱਭ ਨੂੰ  ਇਕਜੁਟ ਰੱਖਣ ਅਤੇ ਪਾਰਟੀ ਅਨੁਸ਼ਾਸਨ ਕਾਇਮ ਰੱਖਣ ਲਈ ਖੁਲ੍ਹ ਦਿਤੀ ਹੈ ਜਿਸ ਕਾਰਨ ਨਰਾਜ਼ਗੀ ਦਿਖਾ ਰਹੇ ਆਗੂ ਫ਼ਿਲਹਾਲ ਨਰਮ ਪੈ ਗਏ ਹਨ |