ਕੀ ਪ੍ਰਸ਼ਾਂਤ ਕਿਸ਼ੋਰ ਦਾ ਸੰਨਿਆਸ, ਪੰਜਾਬ ’ਚ ਕਾਂਗਰਸ ਲਈ ਰਣਨੀਤੀ ਦਾ ਹੀ ਹਿੱਸਾ ਹੈ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਦੇ ਦੇ ਪਿੱਛੇ ਰਹਿ ਕੇ ਕਾਂਗਰਸੀ ਵਿਧਾਇਕਾਂ ਦੀ ਨਰਾਜ਼ਗੀ ਤੋਂ ਬਚੇ ਰਹਿ ਸਕਣਗੇ ਪੀਕੇ

Prashant Kishor

ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ) : ਪਛਮੀ ਬੰਗਾਲ ਵਿਧਾਨਸਭਾ ਚੋਣ ਨਤੀਜਿਆਂ ਦੇ ਤੁਰਤ ਬਾਅਦ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਸੰਨਿਆਸ ਦੇ ਐਲਾਨ ਨੇ ਸਾਰਿਆ ਨੂੰ ਭਾਵੇਂ ਹੈਰਾਨੀ ਵਿਚ ਪਾ ਦਿਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਪਛਮੀ ਬੰਗਾਲ ਚੋਣਾਂ ਦੇ ਨਤੀਜਿਆਂ ਅਤੇ ਪ੍ਰਸ਼ਾਂਤ ਦੇ ਦਾਵਿਆਂ ਵਿਚ ਜੋ ਉਲਟ ਫੇਰ ਵਿਖਾਈ ਦਿਤਾ, ਉਸੇ ਤੋਂ ਹੈਰਾਨ ਹੋ ਕੇ ਉਨ੍ਹਾਂ ਨੇ ਸੰਨਿਆਸ ਦਾ ਐਲਾਨ ਕੀਤਾ ਹੈ। 

ਦੂਜੇ ਪਾਸੇ ਅੰਦਰਖਾਤੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਪ੍ਰਸ਼ਾਂਤ ਦਾ ਇਹ ਸੰਨਿਆਸ ਪੰਜਾਬ ਵਿਚ ਕਾਂਗਰਸ ਲਈ ਤਿਆਰ ਕੀਤੀ ਜਾ ਰਹੀ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ। ਪ੍ਰਸ਼ਾਂਤ ਨੇ ਇਕ ਨਿਜੀ ਚੈਨਲ ’ਤੇ ਦਿਤੇ ਇੰਟਰਵੀਊ ਦੌਰਾਨ ਅਪਣੇ ਸੰਨਿਆਸ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਹ ਹੁਣ ਕਿਸੇ ਵੀ ਪਾਰਟੀ ਲਈ ਰਣਨੀਤੀ ਨਹੀਂ ਬਣਾਉਣਗੇ ਪਰ ਲਗੇ ਹੱਥੀਂ ਇਹ ਵੀ ਸਾਫ਼ ਕਰ ਦਿਤਾ ਸੀ ਕਿ ਇਹ ਕੰਮ (ਰਣਨੀਤੀ ਬਣਾਉਣ ਦਾ) ਹੁਣ ਉਨ੍ਹਾਂ ਦੀ ਟੀਮ ਅਪਣੇ ਪੱਧਰ ’ਤੇ ਸੰਭਾਲੇਗੀ। 

ਪ੍ਰਸ਼ਾਂਤ ਨੂੰ ਪੰਜਾਬ ਵਿਚ ਸਾਲ 2022 ਦੀਆਂ ਚੋਣਾਂ ਲਈ ਕਾਂਗਰਸ ਦੇ ਰਣਨੀਤੀਕਾਰ ਦੇ ਰੂਪ ਵਿਚ ਲਿਆਂਦਾ ਗਿਆ ਸੀ। ਸਿਆਸੀ ਸੱਥਾਂ ਵਿਚ ਉਨ੍ਹਾਂ ਦੇ ਸੰਨਿਆਸ ਦੇ ਐਲਾਨ ਦਾ ਇਹ ਮਤਲਬ ਕਢਿਆ ਗਿਆ ਹੈ ਕਿ ਜਦੋਂ ਪ੍ਰਸ਼ਾਂਤ ਦੀ ਟੀਮ ਹੀ ਸਾਰੀ ਰਣਨੀਤੀ ਬਣਾਏਗੀ ਉਦੋਂ ਪ੍ਰਸ਼ਾਂਤ ਸੰਨਿਆਸੀ ਦੇ ਰੂਪ ਵਿਚ ਪਰਦੇ ਦੇ ਪਿੱਛੇ ਅਪਣੀ ਟੀਮ ਦੇ ਰਾਹ ਦਸੇਰੇ ਹੋਣਗੇ।

ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਉਨ੍ਹਾਂ ਨੂੰ ਅਪਣਾ ਰਾਜਨੀਤਕ ਸਲਾਹਕਾਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਨੇ ਕੰਮਕਾਜ ਸ਼ੁਰੂ ਕੀਤਾ, ਨਵੇਂ ਅਤੇ ਪੁਰਾਣੇ ਸਾਰੇ ਕਾਂਗਰਸੀ ਵਿਧਾਇਕ ਪ੍ਰਸ਼ਾਂਤ ਤੋਂ ਨਾਰਾਜ਼ ਹੋ ਗਏ। ਕਈ ਕਾਂਗਰਸੀ ਵਿਧਾਇਕਾਂ ਨੇ ਖੁੱਲ੍ਹ ਕੇ ਪ੍ਰਸ਼ਾਂਤ ਦੀ ਆਲੋਚਨਾ ਵੀ ਕੀਤੀ।

ਉਸ ਵੇਲੇ ਪ੍ਰਸ਼ਾਂਤ ਦੇ ਬਚਾਅ ਲਈ ਆਪ ਕੈਪਟਨ ਨੂੰ ਅੱਗੇ ਆਣਾ ਪਿਆ ਅਤੇ ਇਹ ਬਿਆਨ ਜਾਰੀ ਕੀਤਾ ਗਿਆ ਕਿ ਪ੍ਰਸ਼ਾਂਤ ਕੇਵਲ ਸਲਾਹਕਾਰ ਹੈ ਅਤੇ ਉਨ੍ਹਾਂ ਨੂੰ ਇਹ ਅਧਿਕਾਰ ਨਹੀਂ ਕਿ ਉਹ ਕਿਸੇ ਨੂੰ ਟਿਕਟ ਦਿਵਾ ਸਕਣ। ਪੰਜਾਬ ਵਿਚ ਇਹ ਹਲਚਲ ਕੁੱਝ ਹੋਰ ਜ਼ੋਰ ਫੜਦੀ, ਉਸ ਤੋਂ ਪਹਿਲਾਂ ਪਛਮੀ ਬੰਗਾਲ ਦੀ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਅਤੇ ਪ੍ਰਸ਼ਾਂਤ ਉੱਥੇ ਮਮਤਾ ਬੈਨਰਜੀ ਲਈ ਰਣਨੀਤੀ ਬਣਾਉਣ ਵਿਚ ਰੁੱਝ ਗਏ।

ਉੱਥੇ ਪ੍ਰਸ਼ਾਂਤ ਨੇ ਦਾਅਵਾ ਕੀਤਾ ਕਿ ਭਾਜਪਾ ਬੰਗਾਲ ਵਿਚ ਦਹਾਈ ਦਾ ਅੰਕੜਾ ਵੀ ਨਹੀਂ ਛੂ ਸਕੇਗੀ ਪਰ ਭਾਜਪਾ 3 ਸੀਟਾਂ ਤੋਂ 77 ’ਤੇ ਪਹੁੰਚ ਗਈ ਅਤੇ ਮਮਤਾ ਨੰਦੀਗਰਾਮ ਵਿਚ ਅਪਣੀ ਸੀਟ ਵੀ ਨਹੀਂ ਬਚਾ ਸਕੀ। ਹਾਲਾਂਕਿ ਉਨ੍ਹਾਂ ਦੀ ਪਾਰਟੀ ਰਾਜ ਵਿਚ ਫੇਰ ਤੋਂ ਸਰਕਾਰ ਬਣਾ ਗਈ ਲੇਕਿਨ ਪ੍ਰਸ਼ਾਂਤ ਦੇ ਦਾਵਿਆਂ ਨੇ ਰਣਨੀਤੀਕਾਰ ਦੇ ਰੂਪ ਵਿਚ ਉਨ੍ਹਾਂ ਦੀ ਕਾਫ਼ੀ ਕਿਰਕਿਰੀ ਕਰਵਾ ਦਿਤੀ।

ਇਸ ਤੋਂ ਬਾਅਦ ਪ੍ਰਸ਼ਾਂਤ ਵੀ ਸਮਝ ਗਏ ਹਨ ਕਿ ਹੁਣ ਪੰਜਾਬ ਪਰਤਣ ’ਤੇ ਕਾਂਗਰਸੀ ਵਿਧਾਇਕ ਉਨ੍ਹਾਂ ਨੂੰ ਨਿਸ਼ਾਨੇ ’ਤੇ ਲੈਣਗੇ।  ਅਜਿਹੇ ਵਿਚ ਸੰਨਿਆਸੀ ਦੀ ਤਰ੍ਹਾਂ ਪਰਦੇ ਦੇ ਪਿੱਛੇ ਰਹਿ ਕੇ ਕੈਪਟਨ ਅਮਰਿੰਦਰ ਸਿੰਘ ਲਈ ਰਣਨੀਤੀ ਤਿਆਰ ਕਰਨਾ ਆਸਾਨ ਹੋਵੇਗਾ ਅਤੇ ਉਹ ਬਾਕੀ ਕਾਂਗਰਸੀਆਂ ਦੀ ਨਰਾਜ਼ਗੀ ਤੋਂ ਵੀ ਬਚੇ ਰਹਿਣਗੇ। ਇਸੇ ਨੂੰ ਰਾਜਸੀ ਸੱਥਾਂ ਵਿਚ ਇਸ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਹੈ ਕਿ ਸੰਨਿਆਸ ਲੈ ਕੇ ਵੀ ਪ੍ਰਸ਼ਾਂਤ ਪਰਦੇ ਦੇ ਪਿੱਛੇ ਅਪਣੀ ਟੀਮ ਰਾਹੀਂ ਕਾਂਗਰਸ ਲਈ ਕੰਮ ਕਰਨਗੇ।