ਆਕਸੀਜਨ ਵਾਂਗੂ ਪ੍ਰਧਾਨ ਮੰਤਰੀ ਵੀ ਗ਼ਾਇਬ ਹਨ : ਰਾਹੁਲ ਗਾਂਧੀ
ਆਕਸੀਜਨ ਵਾਂਗੂ ਪ੍ਰਧਾਨ ਮੰਤਰੀ ਵੀ ਗ਼ਾਇਬ ਹਨ : ਰਾਹੁਲ ਗਾਂਧੀ
ਨਵੀਂ ਦਿੱਲੀ, 13 ਮਈ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਦੇਸ਼ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ, ਟੀਕੇ, ਆਕਸੀਜਨ ਅਤੇ ਦਵਾਈਆਂ ਦੇ ਨਾਲ ਉਹ ਖੁਦ ਵੀ ਗਾਇਬ ਹਨ। ਰਾਹੁਲ ਨੇ ਇਕ ਟਵੀਟ ਕਰ ਕੇ ਕਿਹਾ,‘‘ਵੈਕਸੀਨ, ਆਕਸੀਜਨ ਅਤੇ ਦਵਾਈਆਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਵੀ ਗਾਇਬ ਹਨ। ਬਚੇ ਹਨ ਤਾਂ ਸਿਰਫ਼ ਸੈਂਟਰਲ ਵਿਸਟਾ, ਦਵਾਈਆਂ ’ਤੇ ਜੀ.ਐਸ.ਟੀ. ਅਤੇ ਇਥੇ-ਉਥੇ ਪ੍ਰਧਾਨ ਮੰਤਰੀ ਦੀ ਫੋਟੋ।’’ ਕੋਰੋਨਾ ਦੇ ਪ੍ਰਬੰਧਨ ਨੂੰ ਲੈ ਕੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ’ਤੇ ਲਗਾਤਾਰ ਹਮਲੇ ਬੋਲ ਰਹੇ ਹਨ ਅਤੇ ਦੇਸ਼ ’ਚ ਲਾਗ ਦੇ ਵੱਧਦੇ ਮਾਮਲਿਆਂ ਦੇ ਮੱਦੇਨਜਰ ਆਕਸੀਜਨ, ਦਵਾਈਆਂ ਅਤੇ ਟੀਕਿਆਂ ਦੀ ਹੋ ਰਹੀ ਘਾਟ ਲਈ ਸਰਕਾਰ ਦੀ ਆਲੋਚਨਾ ਕਰ ਰਹੇ ਹਨ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਗੰਗਾ ਨਦੀ ’ਚ ਮਿਲੀਆਂ ਲਾਸ਼ਾਂ ਨੂੰ ਲੈ ਕੇ ਸਰਕਾਰ ’ਤੇ ਹਮਲਾ ਬੋਲਿਆ। ਉਤਰ ਪ੍ਰਦੇਸ਼ ਦੇ ਉਨਾਵ ’ਚ ਗੰਗਾ ਨਦੀ ਵਿਚ ਰੇਤੇ ਦੇ ਅੰਦਰ ਲਾਸ਼ਾਂ ਨੂੰ ਦਫ਼ਨਾਉਣ ਸਬੰਧੀ ਇਕ ਮੀਡੀਆ ਰੀਪੋਰਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਟਵੀਟ ਕੀਤਾ, ‘‘ਨਵੇਂ ਭਾਰਤ ਵਿਚ ਕੀ ਸਮਾਂ ਆ ਗਿਆ ਹੈ, ਜਦ ਹਕੂਮਤ ਨੂੰ ਲਾਸ਼ਾਂ ਵੀ ਦਿਖਾਈ ਨਹੀਂ ਦੇ ਰਹੀਆਂ...ਲਾਹਨਤ ਹੈ!’’
ਵੀਰਵਾਰ ਨੂੰ ਦੇਸ਼ ’ਚ ਇਕ ਦਿਨ ’ਚ ਕੋਰੋਨਾ ਦੇ 3,62,727 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਲਾਗ ਦੇ ਕੁਲ ਮਾਮਲੇ 2,37,03,665 ਹੋ ਗਏ ਹਨ, ਜਦੋਂ ਕਿ ਕੋਰੋਨਾ ਵਾਇਰਸ ਨਾਲ 4,120 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ 2,58,317 ’ਤੇ ਪਹੁੰਚ ਗਈ ਹੈ। (ਏਜੰਸੀ)