1 ਸਾਲ ਤੋਂ ਪੀਣ ਵਾਲੇ ਸਾਫ਼ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ ਸ਼ਹੀਦ ਬਲਵਿੰਦਰ ਨਗਰ ਦੇ ਲੋਕ
ਵਾਟਰ ਵਰਕਸ ਤੋਂ ਆਉਣ ਵਾਲੇ ਪੀਣ ਵਾਲੇ ਪਾਣੀ ਵਿਚੋਂ ਨਿਕਲ ਰਿਹਾ ਸੀਵਰੇਜ ਦਾ ਗੰਦਾ ਤੇ ਬਦਬੂਦਾਰ ਪਾਣੀ- ਮੁਹੱਲਾ ਵਾਸੀ
ਫਰੀਦਕੋਟ (ਸੁਖਜਿੰਦਰ ਸਹੋਤਾ) - ਫਰੀਦਕੋਟ ਸ਼ਹਿਰ ਦੇ ਸ਼ਹੀਦ ਬਲਵਿੰਦਰ ਸਿੰਘ ਨਗਰ ਦੇ ਲੋਕ ਬੀਤੇ ਕਰੀਬ 1 ਵਰ੍ਹੇ ਤੋਂ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਨਾਲ ਜੂਝ ਰਹੇ ਹਨ। ਲੋਕਾਂ ਦਾ ਕਹਿਣਾਂ ਕਿ ਉਹਨਾਂ ਨੂੰ ਜੋ ਵਾਟਰ ਸਪਲਾਈ ਮਿਲ ਰਹੀ ਹੈ, ਉਸ ਵਿਚ ਸੀਵਰੇਜ ਦਾ ਗੰਦਾ ਤੇ ਬਦਬੂਦਾਰ ਪਾਣੀ ਆ ਰਿਹਾ। ਜਿਸ ਨੂੰ ਪੀਣਾਂ ਤਾਂ ਦੂਰ ਉਸ ਨੂੰ ਘਰ ਵਿਚ ਬਰਤਨ ਸਾਫ਼ ਕਰਨ ਲਈ ਵੀ ਨਹੀਂ ਵਰਤਿਆ ਜਾ ਸਕਦਾ।
ਲੋਕਾਂ ਦਾ ਕਹਿਣਾ ਹੈ ਕਿ ਵਾਰ ਵਾਰ ਵਿਭਾਗੀ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦੇ ਜਾਣ ਦੇ ਬਾਵਜੂਦ ਵੀ ਅੱਜ ਤੱਕ ਉਹਨਾਂ ਨੂੰ ਪੀਣ ਵਾਲਾ ਸਾਫ ਪਾਣੀ ਨਹੀਂ ਮਿਲ ਰਿਹਾ ਜਦੋਂਕਿ ਵਿਭਾਗ ਵੱਲੋਂ ਬਿੱਲ ਜ਼ਰੂਰ ਭੇਜੇ ਜਾ ਰਹੇ ਹਨ। ਦੂਜੇ ਪਾਸੇ ਵਿਭਾਗੀ ਅਧਿਕਾਰੀਆ ਨੇ ਇਸ ਪੂਰੇ ਮਾਮਲੇ ਤੋਂ ਅਣਜਾਣਤਾ ਪ੍ਰਗਟਾਉਂਦਿਆ ਕਿਹਾ ਕਿ ਮਾਮਲਾ ਹੁਣ ਸਾਡੇ ਧਿਆਨ ਵਿਚ ਆਇਆ ਹੈ ਜਿਸ ਨੂੰ ਜਲਦ ਹੱਲ ਕਰ ਲਿਆ ਜਾਵੇਗਾ ਅਤੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਮੁਹੱਲਾ ਵਾਸੀਆ ਨੇ ਕਿਹਾ ਕਿ ਕਰੀਬ 1 ਸਾਲ ਤੋਂ ਵਾਟਰ ਵਰਕਸ ਦੇ ਪਾਣੀ ਵਿਚ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਜਿਸ ਵਿਚੋਂ ਗੰਦੀ ਬਦਬੂ ਆਉਂਦੀ ਹੈ। ਉਹਨਾਂ ਕਿਹਾ ਕਿ ਕਈ ਵਾਰੀ ਵਿਭਾਗੀ ਅਧਿਕਾਰੀਆਂ ਅਤੇ ਕੌਂਸਲਰ ਦੇ ਧਿਆਨ ਵਿਚ ਲਿਆਂਦਾ ਗਿਆ ਪਰ ਕਿਸੇ ਨੇ ਵੀ ਉਹਨਾਂ ਦੀ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ।
ਉਹਨਾਂ ਕਿਹਾ ਕਿ ਕਈ ਥਾਂਵਾਂ ਤੋਂ ਪਾਈਪਾਂ ਵਿਚ ਲੀਕੇਜ ਹੋ ਰਹੀ ਹੈ। ਉਸ ਨੂੰ ਵੀ ਠੀਕ ਨਹੀਂ ਕੀਤਾ ਜਾ ਰਿਹਾ। ਮੁਹੱਲਾ ਵਾਸੀਆ ਨੇ ਕਿਹਾ ਕਿ ਸਾਨੂੰ ਵਿਭਾਗ ਵੱਲੋਂ ਪਾਣੀ ਦੇ ਬਿੱਲ ਤਾਂ ਦਿੱਤੇ ਜਾ ਰਹੇ ਹਨ ਪਰ ਪੀਣ ਲਈ ਸਾਫ਼ ਪਾਣੀ ਨਹੀਂ ਦਿੱਤਾ ਜਾ ਰਿਹਾ। ਲੋਕਾਂ ਨੇ ਕਿਹਾ ਕਿ ਪਾਣੀ ਇੰਨਾ ਮਾੜਾ ਆ ਰਿਹਾ ਹੈ ਕਿ ਪੀਣਾ ਤਾਂ ਦੂਰ ਅਸੀਂ ਇਸ ਨੂੰ ਆਪਣੀ ਬਗੀਚੀ ਵਿਚ ਲੱਗੇ ਪੌਦਿਆਂ ਨੂੰ ਵੀ ਨਹੀਂ ਪਾ ਸਕਦੇ। ਉਹਨਾਂ ਕਿਹਾ ਕਿ ਹੁਣ ਉਹ ਮੁੱਲ ਦਾ ਪਾਣੀ ਖਰੀਦ ਕੇ ਪੀਣ ਲਈ ਮਜ਼ਬੂਰ ਹਨ ਕਿਉਕਿ ਧਰਤੀ ਹੇਠਲਾ ਪਾਣੀ ਬਹੁਤ ਮਾੜਾ ਹੈ ਅਤੇ ਵਾਟਰ ਵਰਕਸ ਵਾਲੇ ਪਾਣੀ ਵਿਚ ਸੀਵਰੇਜ ਦਾ ਪਾਣੀ ਆ ਰਿਹਾ।
ਲੋਕਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਪੀਣ ਲਈ ਸਾਫ਼ ਪਾਣੀ ਜਲਦ ਮੁੱਹਈਆ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਅੱਤ ਦੀ ਗਰਮੀਂ ਵਿਚ ਰਾਹਤ ਮਿਲ ਸਕੇ।
ਇਸ ਪੂਰੇ ਮਾਮਲੇ ਬਾਰੇ ਜਦੋਂ ਵਾਟਰ ਸਪਲਾਈ ਵਿਭਾਗ ਦੇ ਐਸਡੀਓ ਰਤਨਜੋਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਹੁਣ ਉਹਨਾਂ ਦੇ ਧਿਆਨ ਵਿਚ ਆਇਆ ਜਿਸ ਨੂੰ ਜਲਦ ਹੱਲ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਪਹਿਲ ਦੇ ਅਧਾਰ ਤੇ ਮੁਹੱਈਆ ਕਰਵਾਇਆ ਜਾਵੇਗਾ।