ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਲੱਗੀ ਅੱਗ, ਬਚਾਅ ਕਾਰਜ ਜਾਰੀ 

ਏਜੰਸੀ

ਖ਼ਬਰਾਂ, ਪੰਜਾਬ

ਵਿਭਾਗ ਦੀ ਇਮਾਰਤ ਦੇ ਨੇੜੇ ਸਥਿਤ ਟਰਾਂਸਫ਼ਾਰਮਰ ਵਿਚ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ ਅੱਗ ਲੱਗਣ ਦਾ ਕਾਰਨ

Fire breaks out at Guru Nanak Dev Hospital in Amritsar

ਅੰਮ੍ਰਿਤਸਰ: ਅੰਮ੍ਰਿਤਸਰ ਦੇ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਦੀ OPD-ਕੰਮ-HR ਇਮਾਰਤ ਵਿਚ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ’ਤੇ ਹਸਪਤਾਲ ’ਚ ਹਫੜਾ-ਤਫੜੀ ਦਾ ਮਾਹੌਲ ਹੈ।

ਜਿਵੇਂ ਹੀ ਅੱਗ ਲੱਗਣ ਬਾਰੇ ਪਤਾ ਲੱਗਾ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿਤੀ ਗਈ ਅਤੇ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਵਿਭਾਗ ਦੀ ਇਮਾਰਤ ਦੇ ਨੇੜੇ ਸਥਿਤ ਟਰਾਂਸਫ਼ਾਰਮਰ ਵਿਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਅੱਗ ਲੱਗਣ ਕਾਰਨ ਚਾਰੇ ਪਾਸੇ ਧੂੰਆਂ ਫੈਲ ਗਿਆ। ਇਸ ਤੋਂ ਬਾਅਦ ਹਸਪਤਾਲ ਦੇ ਵਾਰਡਾਂ ਵਿੱਚ ਦਾਖ਼ਲ 650 ਮਰੀਜ਼ਾਂ ਨੂੰ ਵਾਰਡਾਂ ਵਿੱਚੋਂ ਬਾਹਰ ਕੱਢ ਕੇ ਸੜਕਾਂ ’ਤੇ ਲਿਆਉਣਾ ਪਿਆ। ਇਹ ਘਟਨਾ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦੁਪਹਿਰ 2 ਵਜੇ ਦੇ ਕਰੀਬ ਵਾਪਰੀ। ਸ਼ਨੀਵਾਰ ਹੋਣ ਕਾਰਨ ਓਪੀਡੀ ਵਿੱਚ ਕੋਈ ਮਰੀਜ਼ ਨਹੀਂ ਸੀ ਪਰ ਹਸਪਤਾਲ ਵਿੱਚ 650 ਦੇ ਕਰੀਬ ਮਰੀਜ਼ ਦਾਖ਼ਲ ਹਨ।

OPD ਦੇ ਪਿਛਲੇ ਪਾਸੇ ਅਤੇ ਐਕਸ-ਰੇ ਯੂਨਿਟ ਦੇ ਨੇੜੇ ਦੋ ਟਰਾਂਸਫਾਰਮਰ ਹਨ। ਉਹ ਪੂਰੇ ਹਸਪਤਾਲ ਨੂੰ ਬਿਜਲੀ ਸਪਲਾਈ ਕਰ ਰਹੇ ਹਨ। ਦੁਪਹਿਰ ਸਮੇਂ ਇਨ੍ਹਾਂ ਟਰਾਂਸਫਾਰਮਰਾਂ ਵਿੱਚ ਅਚਾਨਕ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਬਹੁਤ ਉੱਚੀਆਂ ਗਈਆਂ। ਟਰਾਂਸਫਾਰਮਰ ਦੇ ਬਿਲਕੁਲ ਉੱਪਰ ਹੀ ਸਕਿਨ ਵਾਰਡ ਹੈ। ਧੂੰਆਂ ਇੰਨਾ ਜ਼ਿਆਦਾ ਸੀ ਕਿ ਵਾਰਡ ਦੇ ਮਰੀਜ਼ਾਂ ਨੂੰ ਤੁਰੰਤ ਬਾਹਰ ਕੱਢਣਾ ਪਿਆ।

ਹਸਪਤਾਲ ਵਿਚ ਵੱਡੀ ਗਿਣਤੀ ਵਿਚ ਮਰੀਜ਼ ਦਾਖਲ ਸਨ ਜਿਨ੍ਹਾਂ ਨੂੰ ਸਮਾਂ ਰਹਿੰਦੇ ਹੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਟਰਾਂਸਫਾਰਮਰਾਂ ਵਿੱਚ ਤੇਲ ਹੋਣ ਕਾਰਨ ਅੱਗ ’ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ। ਇਸ ਵਿਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ ਫਿਲਹਾਲ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।