ਜੇ.ਪੀ. ਨੱਡਾ ਬੋਲੇ- ਅਕਾਲੀ ਦਲ ਨੇ ਖ਼ੁਦ ਤੋੜਿਆ ਗਠਜੋੜ BJP ਗਠਜੋੜ ਧਰਮ ਦੀ ਪਾਲਣਾ ਕਰਨ ਵਾਲੀ ਪਾਰਟੀ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ 'ਚ ਚੰਗੇ ਲੋਕਾਂ ਦੀ ਜਗ੍ਹਾ ਹੈ ਅਤੇ ਅਜਿਹੇ ਲੋਕਾਂ ਲਈ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।

J.P. Nadda

 

ਲੁਧਿਆਣਾ  - ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਪਾਰਟੀ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਜਥੇਬੰਦੀ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕਰਨ ਦਾ ਸੱਦਾ ਦਿੱਤਾ ਤੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਹੰਝੂ ਪੂੰਜੋ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਆਪਣਾ ਯੋਗਦਾਨ ਪਾਓ। ਇਸ ਦੇ ਨਾਲ ਹੀ ਪਾਰਟੀ ਵਿਚ ਹਰ ਕਿਸੇ ਦਾ ਸਨਮਾਨ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਨੱਡਾ ਸ਼ਨੀਵਾਰ ਨੂੰ ਹੋਟਲ ਮਹਾਰਾਜਾ ਰੀਜੈਂਸੀ 'ਚ ਪਾਰਟੀ ਦੀ ਵਿਸ਼ੇਸ਼ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ। 

ਮੀਟਿੰਗ ਵਿਚ ਭਾਜਪਾ ਦੇ ਸੂਬਾਈ ਅਹੁਦੇਦਾਰਾਂ, ਵਿਸ਼ਾਲ ਕਾਡਰ ਗਰੁੱਪ, ਸੂਬਾ ਮੋਰਚਾ ਪ੍ਰਧਾਨ, ਜ਼ਿਲ੍ਹਾ ਇੰਚਾਰਜ, ਪੰਜਾਬ ਭਾਜਪਾ ਦੇ 2022 ਵਿਧਾਨ ਸਭਾ ਵਿਚ ਚੋਣ ਲੜਨ ਵਾਲੇ ਉਮੀਦਵਾਰਾਂ ਤੋਂ ਇਲਾਵਾ ਪੰਜਾਬ ਲੋਕ ਕਾਂਗਰਸ ਦੇ ਭਾਜਪਾ ਦੇ ਚੋਣ ਨਿਸ਼ਾਨ ’ਤੇ ਚੋਣ ਲੜਨ ਵਾਲੇ ਉਮੀਦਵਾਰਾਂ ਨੇ ਵੀ ਸ਼ਮੂਲੀਅਤ ਕੀਤੀ। 
ਕੌਮੀ ਪ੍ਰਧਾਨ ਜੇਪੀ ਨੱਡਾ ਨੇ ਪਾਰਟੀ ਦੇ ਸਮੂਹ ਅਹੁਦੇਦਾਰਾਂ ਨੂੰ ਜਿੱਤ ਦਾ ਮੰਤਰ ਦਿੰਦਿਆਂ ਕਿਹਾ ਕਿ ਪਾਰਟੀ ਨੂੰ ਪੰਜਾਬ ਵਿਚ ਹੋਰ ਮਜ਼ਬੂਤੀ ਵੱਲ ਲੈ ਕੇ ਜਾਣਾ ਹੈ ਅਤੇ ਛੇ ਮਹੀਨਿਆਂ ਵਿਚ ਪਾਰਟੀ ਨੂੰ ਸੂਬੇ ਵਿਚ ਵੱਡਾ ਸਮਰਥਨ ਮਿਲੇਗਾ।

ਇਸ ਸਮੇਂ ਨੱਡਾ ਨੇ ਅਕਾਲੀ ਦਲ ਬਾਰੇ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਖ਼ੁਦ ਹੀ ਭਾਜਪਾ ਨਾਲੋਂ ਨਾਤਾ ਤੋੜਿਆ ਹੈ। ਭਾਜਪਾ ਨੇ ਕਦੇ ਕਿਸੇ ਦਾ ਸਾਥ ਨਹੀਂ ਛੱਡਿਆ। ਭਾਰਤੀ ਜਨਤਾ ਪਾਰਟੀ ਕਦੇ ਵੀ ਆਪਣਾ ਸਿਆਸੀ ਭਾਈਵਾਲ ਨਹੀਂ ਛੱਡਦੀ ਅਤੇ ਸਮੁੱਚਾ ਗੱਠਜੋੜ ਧਰਮ ਦੀ ਪਾਲਣਾ ਕਰਨ ਵਿਚ ਵਿਸ਼ਵਾਸ ਰੱਖਦਾ ਹੈ। ਨੱਡਾ ਨੇ ਉਨ੍ਹਾਂ ਸਾਰੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਜੋ ਕਿਸਾਨ ਅੰਦੋਲਨ ਦੌਰਾਨ ਹਰ ਦੁੱਖ ਝੱਲਣ ਤੋਂ ਬਾਅਦ ਵੀ ਪਾਰਟੀ ਨਾਲ ਖੜ੍ਹੇ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੋਂ ਨਾਖੁਸ਼ ਹਨ, ਇਸ ਦਾ ਅਹਿਸਾਸ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਹੋ ਗਿਆ ਹੈ। ਨੱਡਾ ਨੇ ਕਿਹਾ ਕਿ ਭਾਜਪਾ 'ਚ ਚੰਗੇ ਲੋਕਾਂ ਦੀ ਜਗ੍ਹਾ ਹੈ ਅਤੇ ਅਜਿਹੇ ਲੋਕਾਂ ਲਈ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।

ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਇਹ ਫੇਰੀ ਸੂਬੇ ਵਿਚ ਪਾਰਟੀ ਦੀ ਮਜ਼ਬੂਤੀ ਲਈ ਮੀਲ ਪੱਥਰ ਸਾਬਤ ਹੋਵੇਗੀ। ਜਿਸ ਕਾਰਨ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਪਾਰਟੀ ਦੀ ਮਜ਼ਬੂਤੀ ਲਈ ਹਰ ਵਰਕਰ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਇਸ ਦੌਰਾਨ ਮੰਚ ’ਤੇ ਕੌਮੀ ਮੀਤ ਪ੍ਰਧਾਨ ਸੁਧਾਨ ਸਿੰਘ, ਪਾਰਟੀ ਦੇ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਦੁਸ਼ਯੰਤ ਗੌਤਮ, ਕੌਮੀ ਸਕੱਤਰ ਤੇ ਸਹਿ ਇੰਚਾਰਜ ਨਰਿੰਦਰ ਰੈਨਾ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਸਮੇਤ ਕਈ ਆਗੂ ਹਾਜ਼ਰ ਸਨ।

ਦੱਸ ਦਈਏ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਸ਼ਨੀਵਾਰ ਨੂੰ ਲੁਧਿਆਣਾ ਪਹੁੰਚੇ। ਉਨ੍ਹਾਂ ਦਾ ਹੈਲੀਕਾਪਟਰ ਸਵੇਰੇ 11 ਵਜੇ ਲੁਧਿਆਣਾ ਸਥਿਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੇ ਮੈਦਾਨ 'ਤੇ ਉਤਰਿਆ ਸੀ। ਪੀਏਯੂ ਤੋਂ ਨੱਡਾ ਦਾ ਕਾਫਲਾ ਸਿੱਧਾ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਅਸਥਾਨ ਨੌਘਾਰਾ ਨੇੜੇ ਚੋੜਾ ਬਾਜ਼ਾਰ ਪਹੁੰਚਿਆ। ਨੱਡਾ ਨੂੰ ਸ਼ਹੀਦ ਸੁਖਦੇਵ ਦੇ ਘਰ ਲਿਜਾਣ ਲਈ ਵਿਸ਼ੇਸ਼ ਤੌਰ 'ਤੇ ਈ-ਰਿਕਸ਼ਾ ਦਾ ਪ੍ਰਬੰਧ ਕੀਤਾ ਗਿਆ ਸੀ। ਨੱਡਾ ਈ-ਰਿਕਸ਼ਾ 'ਚ ਸੁਖਦੇਵ ਦੇ ਘਰ ਪਹੁੰਚੇ ਅਤੇ ਫੁੱਲ ਚੜ੍ਹਾ ਕੇ ਸ਼ਹੀਦਾਂ ਨੂੰ ਯਾਦ ਕੀਤਾ ।

ਇਸ ਤੋਂ ਪਹਿਲਾਂ ਨੱਡਾ ਦਾ ਸ਼ਹਿਰ ਪਹੁੰਚਣ 'ਤੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਮੈਂਬਰਾਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਨੱਡਾ ਨੇ ਕਿਹਾ ਕਿ ਸ਼ਹੀਦ ਸੁਖਦੇਵ ਯਾਦਗਾਰੀ ਟਰੱਸਟ ਪਿਛਲੇ ਲੰਮੇ ਸਮੇਂ ਤੋਂ ਸ਼ਹੀਦ ਦੇ ਘਰ ਦੀ ਮੁੜ ਉਸਾਰੀ ਦਾ ਮੁੱਦਾ ਉਠਾ ਰਿਹਾ ਹੈ। ਨੱਡਾ ਕੋਲ ਪਹੁੰਚ ਕੇ ਟਰੱਸਟ ਦੇ ਮੁਖੀ ਅਸ਼ੋਕ ਥਾਪਰ ਨੇ ਵੀ ਉਨ੍ਹਾਂ ਕੋਲ ਇਹ ਮੁੱਦਾ ਉਠਾਇਆ। ਥਾਪਰ ਅਨੁਸਾਰ ਚੋੜਾ ਬਾਜ਼ਾਰ ਤੋਂ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਨੂੰ ਸਿੱਧਾ ਰਸਤਾ ਦਿੱਤਾ ਜਾਣਾ ਚਾਹੀਦਾ ਹੈ।

ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਨੱਡਾ ਨੇ ਕਿਹਾ ਕਿ ਸ਼ਹੀਦਾਂ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਨੂੰ ਹਮੇਸ਼ਾ ਦਿਲਾਂ ਵਿਚ ਥਾਂ ਦਿੱਤੀ ਜਾਣੀ ਚਾਹੀਦੀ ਹੈ। ਇਨ੍ਹਾਂ ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਹ ਅੱਜ ਇੱਥੇ ਆ ਕੇ ਬਹੁਤ ਖੁਸ਼ ਸੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਸ਼ਹੀਦਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਹ ਇਸ ਮੁੱਦੇ 'ਤੇ ਕੇਂਦਰ ਨਾਲ ਵੀ ਗੱਲ ਕਰਨਗੇ।