ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਵਿਅਕਤੀ ਦੀ ਸੜਕ ਹਾਦਸੇ ਵਿਚ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਅਣਪਛਾਤੇ ਵਾਹਨ ਵਲੋਂ ਮਾਰੀ ਗਈ ਟੱਕਰ 

Representational Image

ਬਟਾਲਾ : ਆਏ ਦਿਨ ਵਾਪਰਦੇ ਸੜਕ ਹਾਦਸਿਆਂ ਵਿਚ ਸੈਂਕੜੇ ਜਾਨਾਂ ਜਾਂਦੀਆਂ ਹਨ, ਤਾਜ਼ਾ ਜਾਣਕਾਰੀ ਬਟਾਲਾ ਤੋਂ ਸਾਹਮਣੇ ਆਈ ਹੈ ਜਿਥੇ ਵਾਪਰੇ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। 

ਮ੍ਰਿਤਕ ਦੀ ਪਛਾਣ ਬਿਕਰਮਜੀਤ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਜੋਂ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਬਿਕਰਮਜੀਤ ਸਿੰਘ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਿਹਾ ਸੀ ਕਿ ਰਸਤੇ ਵਿਚ ਹੀ ਇਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। 

ਮ੍ਰਿਤਕ ਬਿਕਰਮਜੀਤ ਸਿੰਘ ਪਿੰਡ ਸ਼ੇਖੂਪੁਰ ਖੁਰਦ ਦਾ ਰਹਿਣ ਵਾਲਾ ਸੀ। ਪਿੰਡ ਵਾਸੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਕਰਮਜੀਤ ਸਿੰਘ ਰੋਜ਼ਾਨਾ ਪਿੰਡ ਤੋਂ ਨੈਸ਼ਨਲ ਹਾਈਵੇਅ ਰਾਹੀਂ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ, ਕੱਥੂਨੰਗਲ ਮੱਥਾ ਟੇਕਣ ਜਾਇਆ ਕਰਦਾ ਸੀ। 

ਰੋਜ਼ਾਨਾ ਦੀ ਤਰ੍ਹਾਂ ਉਹ ਹਾਦਸੇ ਮੌਕੇ ਵੀ ਗੁਰਦੁਆਰਾ ਸਾਹਿਬ ਹੀ ਦਰਸ਼ਨਾਂ ਲਈ ਜਾ ਰਿਹਾ ਸੀ ਕਿ ਰਸਤੇ ਵਿਚ ਇਹ ਭਾਣਾ ਵਾਪਰ ਗਿਆ। ਫਿਲਹਾਲ ਪੁਲਿਸ ਨੇ ਇਸ ਬਾਰੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ।