ਨਗਰ ਨਿਗਮ ਚੋਣਾਂ ਜਲਦ ਹੋਣ ਦੀ ਸੰਭਾਵਨਾ, ਕਿਸੇ ਸਮੇਂ ਵੀ ਹੋ ਸਕਦਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਨਗਰ ਨਿਗਮ ਜਲੰਧਰ ਸਮੇਤ ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਨਗਰ ਨਿਗਮ ਦੀ ਮਿਆਦ ਪਿਛਲੇ ਸਾਲ ਖ਼ਤਮ ਹੋ ਚੁਕੀ ਹੈ

photo

 

ਜਲੰਧਰ :  ਜਲੰਧਰ ਜ਼ਿਮਨੀ ਚੋਣ ਦੇ ਨਤੀਜਿਆਂ ਨੇ ‘ਆਪ’ ਦੀ ਲੀਡਰਸ਼ਿਪ ਨੂੰ ਭਰਵਾ ਹੁੰਗਾਰਾ ਦਿਤਾ ਹੈ। ‘ਆਪ’ ਨੇ ਕਾਂਗਰਸ ਦਾ ਗੜ੍ਹ ਮੰਨੇ ਜਾਣ ਵਾਲੇ ਜਲੰਧਰ ਤੋਂ ਪਾਰਲੀਮੈਂਟ ਸੀਟ ’ਤੇ ਕਬਜ਼ਾ ਕਰ ਲਿਆ ਹੈ। ਪਾਰਟੀ ਦਾ ਸ਼ਹਿਰੀ ਖਿੱਤੇ ਵਿਚ ਸ਼ਾਨਦਾਰ ਪ੍ਰਦਰਸ਼ਨ ਤੇ ਵੋਟਰਾਂ ਨੂੰ ਮਿਲੇ ਭਰਵੇਂ ਸਹਿਯੋਗ ਤੋਂ ਹੁਣ ਕਿਸੇ ਵੀ ਸਮੇਂ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ ਹੋਣ ਦੀ ਉਮੀਦ ਬੱਝ ਗਈ ਹੈ। 

ਨਗਰ ਨਿਗਮ ਜਲੰਧਰ ਸਮੇਤ ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਨਗਰ ਨਿਗਮ ਦੀ ਮਿਆਦ ਪਿਛਲੇ ਸਾਲ ਖ਼ਤਮ ਹੋ ਚੁਕੀ ਹੈ। ਇਨ੍ਹਾਂ ਨਗਰ ਨਿਗਮਾਂ ਦੀਆਂ ਚੋਣਾਂ ਦਸੰਬਰ ਮਹੀਨੇ ਵਿਚ ਹੋਣੀਆਂ ਸਨ। ਇਸੇ ਤਰ੍ਹਾਂ ਚਾਰ ਦਰਜਨ ਤੋਂ ਵੱਧ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਮਿਆਦ ਵੀ ਖ਼ਤਮ ਹੋ ਚੁੱਕੀ ਹੈ, ਜਿਨ੍ਹਾਂ ਦੀਆਂ ਚੋਣਾਂ ਲੰਬਿਤ ਹਨ ਪਰ ਹੁਕਮਰਾਨ ਧਿਰ ਨਗਰ ਨਿਗਮ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਕਰਵਾਉਣ ਦਾ ਹੌਂਸਲਾਂ ਨਹੀਂ ਕਰ ਰਹੀ ਸੀ ਕਿਉਂਕਿ ਪਿਛਲੇ ਸਾਲ ਜੂਨ 2022 ਵਿਚ ਸੰਗਰੂਰ ਜ਼ਿਮਨੀ ਚੋਣ ਵਿਚ ਪਾਰਟੀ ਨੂੰ ਹਾਰ ਮਿਲੀ ਸੀ।

ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਲੋਕ ਸਭਾ ਹਲਕੇ ਤੋਂ ਲਗਾਤਾਰ ਦੋ ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ ਪਰ ਉਨ੍ਹਾਂ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਸਤੀਫ਼ਾ ਦੇ ਦਿਤਾ ਸੀ। ਆਮ ਆਦਮੀ ਪਾਰਟੀ 92 ਸੀਟਾਂ ਤੇ ਸ਼ਾਨਦਾਰ ਜਿੱਤ ਹਾਸਲ ਕਰ ਕੇ ਸਰਕਾਰ ਬਣਾਉਣ ਵਿਚ ਕਾਮਯਾਬ ਹੋਈ ਸੀ ਪਰ ਸੰਗਰੂਰ ਜ਼ਿਮਨੀ ਚੋਣ ਵਿਚ ਪਾਰਟੀ ਨੂੰ ਕਰਾਰੀ ਹਾਰ ਹੋਈ। ਇਸ ਤੋਂ ਇਲਾਵਾ ਕਈ ਘਟਨਾਵਾਂ ਵਾਪਰਨ ਨਾਲ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਰਕਾਰ ’ਤੇ ਸਵਾਲ ਉਠਣ ਲੱਗੇ ਸਨ, ਇਸ ਕਰ ਕੇ ਸਰਕਾਰ ਨਗਰ ਨਿਗਮ ਤੇ ਕੌਂਸਲ ਚੋਣਾਂ ਕਰਵਾਉਣ ਦਾ ਫ਼ੈਸਲਾ ਨਹੀਂ ਕਰ ਸਕੀ। ਹੁਣ ਜਲੰਧਰ ਜ਼ਿਮਨੀ ਚੋਣ ਨੇ ਪਾਰਟੀ ਲੀਡਰਸ਼ਿਪ ਦੀ ਝੋਲੀ ਵਿਚ ਉਮੀਦਾਂ ਦਾ ਫਲ ਪਾਇਆ ਹੈ। ਪਾਰਟੀ ਨੇ ਜਲੰਧਰ ਲੋਕ ਸਭਾ ਹਲਕੇ ਵਿਚ ਪੈਂਦੇ ਸਾਰੇ 9 ਹਲਕਿਆਂ ਵਿਚ ਚੰਗਾ ਪ੍ਰਦਰਸ਼ਨ ਕੀਤਾ।
 

ਇਸ ਨਾਲ ਪਾਰਟੀ ਆਗੂਆਂ ਤੇ ਵਰਕਰਾਂ ਦੀ ਹੌਂਸਲਾ ਵਧਿਆ ਹੈ ਜਿਸ ਤੋਂ ਸਪਸ਼ਟ ਹੋ ਗਿਆ ਹੈ ਕਿ ਸ਼ਹਿਰੀ ਵੋਟਰਾਂ ਨੇ ਆਪ ਦੀਆਂ ਨੀਤੀਆਂ ਤੇ ਸਰਕਾਰ ਦੇ ਕੰਮਾਂ ਤੇ ਮੋਹਰ ਲਗਾ ਦਿਤੀ ਹੈ।