ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਨਾਂਅ ਸਿੱਖ ਇਤਿਹਾਸ 'ਚ ਹਮੇਸ਼ਾ ਚਮਕਦਾ ਰਹੇਗਾ : ਸਪੀਕਰ ਪੰਜਾਬ ਵਿਧਾਨ ਸਭਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਗਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਸ਼ਤਾਬਦੀ ਸਮਾਗਮ ਵਿਚ ਕੁਲਤਾਰ ਸਿੰਘ ਸੰਧਵਾਂ ਨੇ ਕੀਤੀ ਸ਼ਮੂਲੀਅਤ

Punjab News

ਕਿਹਾ, ਜਲੰਧਰ ਜ਼ਿਮਨੀ ਚੋਣ ਦੇ ਨਤੀਜੇ ਪੰਜਾਬ ਸਰਕਾਰ ਉੱਪਰ ਆਮ ਲੋਕਾਂ ਦੇ ਹੋਰ ਵਧੇ ਭਰੋਸੇ ਦਾ ਸਬੂਤ

ਮੋਗਾ : ਰਬਾਬ ਤੋਂ ਸ਼ੁਰੂ ਹੋ ਕੇ ਰਣਜੀਤ ਨਗਾੜੇ ਤਕ ਦੇ ਇਤਿਹਾਸ ਵਿਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਘਾਲਣਾ ਬਹੁਤ ਵੱਡਾ ਮੀਲ ਪੱਥਰ ਹੈ। ਇਸ ਨਾਲ ਸਭ ਨੂੰ ਜੁੜੇ ਰਹਿਣ ਦੀ ਲੋੜ ਹੈ। ਜੱਸਾ ਸਿੰਘ ਜੀ ਨੂੰ ਸਿੱਖੀ ਸਿਦਕ, ਦੇਸ਼ ਭਗਤੀ, ਨਿਰਭੈਅਤਾ, ਸੂਰਬੀਰਤਾ ਅਤੇ ਕੁਰਬਾਨੀ ਵਿਰਸੇ ਵਿਚ ਮਿਲਣ ਕਾਰਣ ਉਹਨਾਂ ਨੇ ਅਠਾਰਵੀਂ ਸਦੀ ਵਿਚ ਵਿਦੇਸ਼ੀ ਹਮਲਾਵਰਾਂ ਨਾਲ ਲੋਹੇ ਨਾਲ ਲੋਹਾ ਲਿਆ ਅਤੇ ਅਪਣੀ ਵੀਰਤਾ, ਦਲੇਰੀ ਨਾਲ ਭਾਰਤ ਦੀ ਮਰਿਯਾਦਾ ਬਚਾਉਣ ਦੇ ਨਾਲ-ਨਾਲ ਪੰਜਾਬ ਵਿਚ ਅਪਣਾ ਰਾਜ ਸਥਾਪਤ ਕੀਤਾ। 

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਨਾਂਅ ਸਿੱਖ ਇਤਿਹਾਸ ਵਿਚ ਹਮੇਸ਼ਾ ਚਮਕਦਾ ਰਹੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੋਗਾ ਦੇ ਵਿਸ਼ਵਕਰਮਾ ਭਵਨ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਮਨਾਈ ਜਾ ਰਹੀ ਤੀਜੀ ਜਨਮ ਸ਼ਤਾਬਦੀ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। 

ਇਸ ਮੌਕੇ ਵਿਧਾਇਕ ਮੋਗਾ ਡਾ.ਅਮਨਦੀਪ ਕੌਰ ਅਰੋੜਾ, ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਂਸ, ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਹਰਮਨਜੀਤ ਸਿੰਘ ਬਰਾੜ ਤੋਂ ਇਲਾਵਾ ਹੋਰ ਵੀ ਉਘੀਆਂ ਸਿੱਖ ਸ਼ਖਸ਼ੀਅਤਾਂ ਹਾਜ਼ਰ ਸਨ। ਪ੍ਰਬੰਧਕਾਂ ਵਲੋਂ ਸਪੀਕਰ ਅਤੇ ਹਾਜ਼ਰ ਹੋਏ ਵਿਧਾਇਕਾਂ ਦਾ ਵਿਸ਼ੇਸ਼ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ।  

ਇਹ ਵੀ ਪੜ੍ਹੋ: ਜਲ ਸੈਨਾ ਨੇ ਕੀਤਾ ਬ੍ਰਹਮੋਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ 

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਤੀਸਰੀ ਜਨਮ ਸ਼ਤਾਬਦੀ ਦੀ ਸਮੂਹ ਸਿੱਖ ਕੌਮ ਅਤੇ ਹਾਜ਼ਰੀਨ ਨੂੰ ਵਧਾਈ ਦਿਤੀ ਅਤੇ ਕਿਹਾ ਕਿ ਜਿੰਨਾਂ ਕੌਮਾਂ ਨੂੰ ਆਪਣੇ ਇਤਿਹਾਸ ਅਤੇ ਵਿਕਾਸ ਦਾ ਗਿਆਨ ਹੁੰਦਾ ਹੈ, ਉਹ ਕਿਸੇ ਦੇ ਮਾਰੇ ਨਹੀਂ ਮਰਦੀਆਂ। ਉਨਾਂ ਕਿਹਾ ਕਿ ਸਿੱਖ ਇਤਿਹਾਸ ਵਿਚ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਕੀਮਤੀ ਸਹਿਯੋਗ ਨੂੰ ਭੁਲਾਇਆ ਨਹੀਂ ਜਾ ਸਕਦਾ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਹਾਂ ਦਸਿਆ ਕਿ ਆਮ ਆਦਮੀ ਪਾਰਟੀ ਦੇ ਹੁਣ ਤਕ ਦੇ ਥੋੜੇ ਕਾਰਜਕਾਲ ਉਪਰ ਆਮ ਲੋਕਾਂ ਨੇ ਭਰੋਸੇ ਦੀ ਮੋਹਰ ਲਗਾਈ ਹੈ, ਜਿਸ ਦਾ ਸਬੂਤ ਜਲੰਧਰ ਵਿਚ ਹੋਈਆਂ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਸਪੱਸ਼ਟ ਪਤਾ ਲੱਗਦਾ ਹੈ। ਉਨਹਾਂ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਵੱਖਰੀ ਸੱਚਾਈ ਵਾਲੀ ਰਾਜਨੀਤੀ ਉਪਰ ਮੋਹਰ ਲਗਾਈ ਹੈ ਅਤੇ ਪਾਰਟੀ ਉਪਰ ਲੋਕਾਂ ਦਾ ਭਰੋਸਾ ਪਹਿਲਾਂ ਨਾਲੋਂ ਵੀ ਵਧ ਗਿਆ ਹੈ। ਉਨਹਾਂ ਦਸਿਆ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਨਾਲ ਸੂਬੇ ਦਾ ਹਰ ਇਕ ਵਰਗ ਸੌਖੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਹਮੇਸ਼ਾ ਯਤਨਸ਼ੀਲ ਰਹੇਗੀ।