ਸਿੱਧੂ ਮੂਸੇਵਾਲਾ ਦੇ ਪਿਤਾ ਦਾ ਮੁੜ ਛਲਕਿਆ ਦਰਦ, 'ਸਾਨੂੰ ਤਾਂ ਮਾਰ ਦਿੱਤਾ, ਹੁਣ ਹੋਰ ਲੋਕਾਂ ਨੂੰ ਤਾਂ ਬਚਾ ਲਓ' 

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਨੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਸਾਰੀ ਜਾਂਚ ਬੰਦ ਹੋ ਗਈ ਹੈ।  

Balkaur Singh

 

ਮਾਨਸਾ - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਇੱਕ ਜਨਤਕ ਮੀਟਿੰਗ ਵਿਚ ਪੰਜਾਬ ਸਰਕਾਰ ਦੇ ਆਈਟੀ ਸੈੱਲ 'ਤੇ ਬਿਆਨ ਦਿੱਤਾ। ਬਲਕੌਰ ਸਿੰਘ ਨੇ ਕਿਹਾ ਕਿ ‘ਸਰਕਾਰ’ ਦਾ ਆਈਟੀ ਸੈੱਲ ਇਸ ਹੱਦ ਤੱਕ ਡਿੱਗ ਚੁੱਕਾ ਹੈ ਕਿ ਉਹ ਸੋਸ਼ਲ ਮੀਡੀਆ ਤੋਂ ਚੁੱਕ ਕੇ ਉਸ ਦੀ ਫੋਟੋ ਗੁਰਸਿਮਰਨ ਸਿੰਘ ਮੰਡ ਨਾਲ ਜੋੜ ਕੇ ਵਾਇਰਲ ਕਰ ਰਹੇ ਹਨ। ਉਸ ਫੋਟੋ 'ਤੇ ਸਿੱਖਾਂ ਦਾ ਕਾਤਲ ਲਿਖਿਆ ਹੋਇਆ ਸੀ। 

ਇਸ ਦੇ ਨਾਲ ਹੀ ਰਾਹੁਲ ਗਾਂਧੀ ਨਾਲ ਉਸ ਦੀ ਫੋਟੋ ਜੋੜ ਕੇ ਉਸ ਨੂੰ ਸਿੱਖਾਂ ਦਾ ਕਾਤਲ ਕਿਹਾ ਜਾ ਰਿਹਾ ਹੈ। ਇਹਨਾਂ ਨੇ ਤਾਂ ਸਾਨੂੰ ਜਿਊਂਦਿਆਂ ਨੂੰ ਹੀ ਮਾਰ ਦਿੱਤਾ ਪਰ ਹੁਣ ਸਰਕਾਰ ਹੋਰ ਲੋਕਾਂ ਨੂੰ ਤਾਂ ਬਚਾ ਲਵੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਉਸੇ ਦਿਨ ਹਰਾ ਦਿੱਤਾ ਸੀ, ਜਦੋਂ ‘ਸਰਕਾਰ’ ਦੌਰਾਨ ਉਨ੍ਹਾਂ ਦੇ ਪੁੱਤਰ ਦਾ ਕਤਲ ਹੋਇਆ ਸੀ। ਸੁਰੱਖਿਆ ਨੂੰ ਲੀਕ ਕਰਨ ਵਾਲਿਆਂ ਨੂੰ ਹੱਥ ਲਾਉਣ ਤੋਂ ਸਰਕਾਰ ਡਰਦੀ ਹੈ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਸਾਰੀ ਜਾਂਚ ਬੰਦ ਹੋ ਗਈ ਹੈ।  

ਇਸ ਦੌਰਾਨ ਨਾ ਤਾਂ ਕਿਸੇ ਮੰਤਰੀ ਨੇ ਉਨ੍ਹਾਂ ਨਾਲ ਗੱਲ ਕੀਤੀ ਅਤੇ ਨਾ ਹੀ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਮੰਤਰੀਆਂ ਨੇ ਤਾਂ ਉਨ੍ਹਾਂ ਦੇ ਫੋਨ ਵੀ ਚੁੱਕਣੇ ਬੰਦ ਕਰ ਦਿੱਤੇ ਹਨ। ਇਨ੍ਹਾਂ ਸਾਰੇ ਕਾਰਨਾਂ ਕਰਕੇ ਉਨ੍ਹਾਂ ਨੂੰ ਆਪਣੇ ਪੁੱਤ ਦੇ ਇਨਸਾਫ਼ ਲਈ ਜਲੰਧਰ ਉਪ ਚੋਣ ਵਿਚ ਜਾਣਾ ਪਿਆ।  

ਬਲਕੌਰ ਸਿੰਘ ਨੇ ਕਿਹਾ ਕਿ ‘ਆਪ’ ਵਰਕਰ ਅਜਿਹੀਆਂ ਟਿੱਪਣੀਆਂ ਕਰ ਰਹੇ ਹਨ ਜਿਸ ਨਾਲ ਉਨ੍ਹਾਂ ਦੇ ਦਿਲ ਨੂੰ ਠੇਸ ਪਹੁੰਚੀ ਹੈ, ਪਰ ਉਹ ਪਿੱਛੇ ਹਟਣ ਵਾਲਾ ਨਹੀਂ ਹੈ। ਬਲਕੌਰ ਸਿੰਘ ਨੇ ਕਿਹਾ ਕਿ ਮੈਂ ਆਪਣੀ ਲੜਾਈ ਆਪ ਲੜਾਂਗਾ। ਅੱਜ ਤੱਕ ਮੈਂ ਕਿਸੇ ਨੂੰ ਗਲਤ ਭਾਸ਼ਾ ਵਿਚ ਜਵਾਬ ਨਹੀਂ ਦਿੱਤਾ ਪਰ ਇਹਨਾਂ ਦੇ ਵਰਕਰਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਬਿਨਾਂ ਸ਼ੱਕ ਜਲੰਧਰ 'ਚ 'ਆਪ' 25 ਫੀਸਦੀ ਵੋਟਾਂ ਨਾਲ ਜਿੱਤੀ ਹੈ ਪਰ ਯਾਦ ਰਹੇ ਕਿ 65 ਫੀਸਦੀ ਲੋਕ ਅਜੇ ਵੀ ਸਰਕਾਰ ਦੇ ਖਿਲਾਫ਼ ਹਨ। 

ਬਲਕੌਰ ਸਿੰਘ ਨੇ ਕਿਹਾ ਕਿ ‘ਆਪ’ ਦੇ ਕੁੱਝ ਵਰਕਰ ਕਹਿ ਰਹੇ ਹਨ ਕਿ ਬਲਕੌਰ ਸਿੰਘ ਨੂੰ ਵਿਦੇਸ਼ਾਂ ਤੋਂ ਪੈਸੇ ਮਿਲ ਰਹੇ ਹਨ। ਸਰਕਾਰ ਇਨ੍ਹਾਂ ਦੀ ਜਾਂਚ ਕਰਵਾ ਸਕਦੀ ਹੈ। ਉਨ੍ਹਾਂ ਦੇ ਪੁੱਤਰ ਸਿੱਧੂ ਮੂਸੇਵਾਲਾ ਨੇ ਹੱਕ ਦੀ ਕਮਾਈ ਕੀਤੀ ਹੈ।