ਫਾਜ਼ਿਲਕਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਕੀਤੀ ਗਈ ਸਖ਼ਤ ਕਾਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲਾਲਾਬਾਦ ਵਿੱਚ 17 ਹਜ਼ਾਰ ਲੀਟਰ ਦੇ ਕਰੀਬ ਲਾਹਨ ਕੀਤੀ ਗਈ ਨਸ਼ਟ

Fazilka Police takes strict action against those involved in illegal liquor business

ਫਾਜ਼ਿਲਕਾ : ਮਾਨਯੋਗ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ IPS, ਮਾਨਯੋਗ ਡਿਪਟੀ ਇੰਸਪੈਕਟਰ ਜਨਰਲ ਫ਼ਿਰੋਜ਼ਪੁਰ ਰੇਂਜ ਸ੍ਰੀ ਹਰਮਨਬੀਰ ਸਿੰਘ ਗਿੱਲ ਅਤੇ ਐਸ.ਐਸ.ਪੀ ਫਾਜ਼ਿਲਕਾ ਸ੍ਰੀ ਵਰਿੰਦਰ ਸਿੰਘ ਬਰਾੜ ਜੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ "ਯੁੱਧ ਨਸ਼ਿਆਂ ਵਿਰੁੱਧ" ਚੱਲ ਰਹੀ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਅੰਜਾਮ ਦਿੱਤੀ ਗਈ।

ਅੱਜ ਸਬ ਡਵੀਜ਼ਨ ਜਲਾਲਾਬਾਦ ਦੇ ਉਪ ਕਪਤਾਨ ਪੁਲਿਸ ਸ੍ਰੀ ਜਤਿੰਦਰ ਸਿੰਘ ਦੀ ਅਗਵਾਈ ਹੇਠ ਆਬਕਾਰੀ ਵਿਭਾਗ ਦੇ ਅਧਿਕਾਰੀਆ ਸਮੇਤ ਸਬ ਡਵੀਜ਼ਨ ਦੇ ਐਸ.ਐਚ.ਓ ਸਾਹਿਬਾਨ ਅਤੇ ਲਗਭਗ 100 ਪੁਲਿਸ ਕਰਮਚਾਰੀਆਂ ਦੇ ਨਾਲ ਮਿਲ ਕੇ ਪਿੰਡ ਮਹਾਲਮ ਵਿਖੇ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਦੇ ਠਿਕਾਣਿਆਂ 'ਤੇ ਛਾਪੇ ਮਾਰੇ। ਇਸ ਦੌਰਾਨ ਪੁਲਿਸ ਨੇ ਲਗਭਗ 17,000 ਲੀਟਰ ਲਾਹਨ (ਕੱਚੀ ਸ਼ਰਾਬ) ਬਰਾਮਦ ਕਰਕੇ ਮੌਕੇ 'ਤੇ ਹੀ ਨਸ਼ਟ ਕਰ ਦਿੱਤੀ। ਇਸ ਤੋਂ ਇਲਾਵਾ ਵੱਖ ਵੱਖ ਦੋਸ਼ੀਆਂ ਦੇ ਖ਼ਿਲਾਫ਼ 3 ਮੁਕੱਦਮੇ ਵੀ ਦਰਜ ਰਜਿਸਟਰ ਕੀਤੇ ਗਏ ਹਨ।

ਇਹ ਕਾਰਵਾਈ ਹਾਲ ਹੀ ਵਿੱਚ ਮਜੀਠਾ ਵਿਖੇ ਜਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ। ਇਸ ਮੌਕੇ ਸ੍ਰੀ ਜਤਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਜਾਇਜ਼ ਤਰੀਕੇ ਨਾਲ ਵਿਕਣ ਵਾਲੀ ਨਾਜਾਇਜ਼ ਸ਼ਰਾਬ ਦੀ ਖਰੀਦ-ਫ਼ਰੋਖ਼ਤ ਤੋਂ ਬਚਣ। ਅਜਿਹੀ ਸ਼ਰਾਬ ਜ਼ਹਿਰੀਲੀ ਹੋਣ ਕਰਕੇ ਸਿਹਤ ਲਈ ਘਾਤਕ ਹੋ ਸਕਦੀ ਹੈ।

ਇਸ ਦੇ ਨਾਲ ਹੀ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਅਜਿਹਾ ਗੈਰਕਾਨੂੰਨੀ ਕਾਰੋਬਾਰ ਤੁਰੰਤ ਬੰਦ ਕਰਣ, ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।