ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਭਾਰੀ ਕਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਵੱਡੀ ਘਾਟ ਪੈਦਾ ਹੋ ਗਈ ਹੈ। ਪਿਛਲੇ ਇਕ ਸਾਲ ਵਿਚ 400 ਤੋਂ ਵੱਧ ਮਾਹਰ ਨੌਕਰੀ ਛੱਡ ਗਏ ਹਨ। ਅਕਤੂਬਰ ...

Civil Hospitals

ਚੰਡੀਗੜ੍ਹ, ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਵੱਡੀ ਘਾਟ ਪੈਦਾ ਹੋ ਗਈ ਹੈ। ਪਿਛਲੇ ਇਕ ਸਾਲ ਵਿਚ 400 ਤੋਂ ਵੱਧ ਮਾਹਰ ਨੌਕਰੀ ਛੱਡ ਗਏ ਹਨ। ਅਕਤੂਬਰ 2016 ਤੋਂ ਬਾਅਦ ਮਾਹਰਾਂ ਦੀਆਂ ਖ਼ਾਲੀ ਆਸਾਮੀਆਂ ਭਰੀਆਂ ਹੀ ਨਹੀਂ ਗਈਆਂ। ਮਰੀਜ਼ ਮਹਿੰਗੇ ਭਾਅ ਨਿਜੀ ਹਸਪਤਾਲਾਂ ਵਿਚੋਂ ਇਲਾਜ ਕਰਵਾਉਣ ਲਈ ਮਜਬੂਰ ਹਨ। 

ਸਿਹਤ ਵਿਭਾਗ ਦੇ ਮਾਹਰਾਂ ਦੀਆਂ 1770 ਆਸਾਮੀਆਂ ਹਨ ਜਿਨ੍ਹਾਂ ਵਿਚੋਂ ਲਗਭਗ 1100 ਖ਼ਾਲੀ ਪਈਆਂ ਹਨ। ਐਮਬੀਬੀਐਸ ਡਾਕਟਰਾਂ ਦੀਆਂ 2358 ਆਸਾਮੀਆਂ ਬਦਲੇ 1531 ਕੰਮ ਕਰ ਰਹੇ ਹਨ। ਸਿਹਤ ਵਿਭਾਗ ਵਿਚ ਡਿਪਟੀ ਡਾਇਰੈਕਟਰ ਤੋਂ ਡਾਇਰੈਕਟਰ ਤਕ 43 ਪ੍ਰਸ਼ਾਸਨਿਕ ਆਸਾਮੀਆਂ ਹਨ ਜਿਨ੍ਹਾਂ ਵਿਚੋਂ 18 ਸੇਵਾਮੁਕਤ ਹੋ ਗਏ ਹਨ ਅਤੇ 23 ਹੋਰ 58 ਸਾਲ ਦੀ ਉਮਰ ਤੋਂ ਬਾਅਦ ਐਕਸਟੈਨਸ਼ਨ 'ਤੇ ਚਲ ਰਹੇ ਹਨ।

ਇਸੇ ਤਰ੍ਹਾਂ 438 ਸੀਨੀਅਰ ਮੈਡੀਕਲ ਅਫ਼ਸਰਾਂ ਵਿਚੋਂ 69 ਸੇਵਾਮੁਕਤ ਹੋ ਚੁੱਕੇ ਹਨ ਜਦਕਿ 114 ਹੋਰ ਦੋ ਸਾਲ ਦੇ ਵਾਧੇ ਦੀ ਮਿਆਦ 'ਤੇ ਚਲ ਰਹੇ ਹਨ। ਸਰਕਾਰੀ ਅੰਕੜੇ ਦਸਦੇ ਹਨ ਕਿ 2015 ਵਿਚ 355 ਮਾਹਰ ਭਰਤੀ ਕੀਤੇ ਗਏ ਸਨ ਜਿਨ੍ਹਾਂ ਵਿਚੋਂ 44 ਬਾਹਰ ਚਲੇ ਗਏ ਹਨ ਅਤੇ 55 ਨੇ ਸਵੈਇੱਛਾ ਨਾਲ ਸੇਵਾਮੁਕਤੀ ਲੈ ਲਈ ਹੈ। ਸਾਲ 2016 ਵਿਚ ਭਰਤੀ ਕੀਤੇ 256 ਮਾਹਰਾਂ ਵਿਚੋਂ 88 ਨੌਕਰੀ ਨੂੰ ਅਲਵਿਦਾ ਕਹਿ ਗਏ ਹਨ। ਚਿੰਤਾ ਦੀ ਗੱਲ ਇਹ ਹੈ ਕਿ ਡਾਕਟਰਾਂ ਨੇ ਵਾਕ ਇਨ ਇੰਟਰਵਿਊ ਰਾਹੀਂ ਨਿਯੁਕਤੀ ਪੱਤਰ ਲੈ ਕੇ ਡਿਊਟੀ 'ਤੇ ਹਾਜ਼ਰ ਹੋਣ ਤੋਂ ਵੀ ਨਾਂਹ ਕਰ ਦਿਤੀ ਸੀ। 

ਪੰਜਾਬ ਸਰਕਾਰ ਵਲੋਂ ਮਾਹਰਾਂ ਅਤੇ ਐਮਬੀਬੀਐਸ ਡਾਕਟਰਾਂ ਨੂੰ ਬਰਾਬਰ ਦਾ ਇਕੋ ਜਿਹਾ ਸਕੇਲ ਦਿਤਾ ਜਾ ਰਿਹਾ ਹੈ। ਮਾਹਰ, ਐਮਬੀਬੀਐਸ ਨਾਲੋਂ ਸਿਰਫ਼ ਪੰਜ ਵੱਧ ਇਨਕਰੀਮੈਂਟ 'ਤੇ ਕੰਮ ਕਰਨ ਲਈ ਮਜਬੂਰ ਹਨ। ਐਮਬੀਬੀਐਸ ਨੂੰ ਸਾਲ 2015 ਵਿਚ ਮੁਢਲੀ ਤਨਖ਼ਾਹ 15,600 'ਤੇ ਰੱਖਣ ਦਾ ਫ਼ੈਸਲਾ ਲਿਆ ਗਿਆ ਸੀ ਜਿਸ ਕਰ ਕੇ 40 ਤੋਂ 50 ਲੱਖ ਰੁਪਏ ਫ਼ੀਸ ਦੇ ਕੇ ਮੈਡੀਕਲ ਦੀ ਡਿਗਰੀ ਲੈਣ ਵਾਲੇ ਸਰਕਾਰੀ ਨੌਕਰੀ ਤੋਂ ਮੂੰਹ ਮੋੜਨ ਲੱਗ ਪਏ ਸਨ।

ਸਰਕਾਰੀ ਹਸਪਤਾਲਾਂ ਵਿਚ ਜਿਹੜੇ ਮਾਹਰ ਡਾਕਟਰ ਹਨ ਵੀ, ਉਨ੍ਹਾਂ ਵਿਚੋਂ ਕਈਆਂ ਨੂੰ ਵੀਆਈਪੀ ਡਿਊਟੀ 'ਤੇ ਲਾ ਦਿਤਾ ਜਾਂਦਾ ਜਾਂ ਫਿਰ ਮੈਡੀਕਲ ਕੇਸਾਂ ਦੀ ਅਦਾਲਤੀ ਸੁਣਵਾਈ ਲਈ ਤਰੀਕਾਂ ਭੁਗਤਣ 'ਤੇ ਰਹਿੰਦੇ ਹਨ। ਇਕ ਹੋਰ ਸੂਚਨਾ ਮੁਤਾਬਕ ਪੰਜਾਬ ਦੀ ਨਵੀਂ ਸਰਕਾਰ ਨੇ ਤਹਿਸੀਲ ਪੱਧਰ 'ਤੇ 100 ਹਸਪਤਾਲਾਂ ਵਿਚ ਮਾਹਰਾਂ ਦੀਆਂ ਸੇਵਾਵਾਂ ਦੇਣ ਦਾ ਐਲਾਨ ਕੀਤਾ ਸੀ ਜੋ ਪੂਰਾ ਨਾ ਹੋ ਸਕਿਆ। 

ਜ਼ਿਲ੍ਹਾ ਹਸਪਤਾਲਾਂ ਦੇ ਸਰਕਾਰੀ ਅੰਕੜਿਆਂ ਨਾਲੋਂ ਬੈੱਡਾਂ ਦੀ ਗਿਣਤੀ ਵੀ ਅਸਲੀਅਤ ਵਿਚ ਘੱਟ ਹੈ। ਵੇਖਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਡੰਗ ਟਪਾਉਣ ਲਈ ਕਈ ਹਸਪਤਾਲਾਂ ਵਿਚ ਰੈਜ਼ੀਡੈਂਟ ਦੀ ਥਾਂ ਮਾਹਰ ਡਾਕਟਰ ਹੀ ਐਮਰਜੈਂਸੀ ਡਿਊਟੀ 'ਤੇ ਲਾਏ ਜਾ ਰਹੇ ਹਨ। ਸਿਹਤ ਵਿਭਾਗ ਤੋਂ ਲਈ ਜਾਣਕਾਰੀ ਮੁਤਾਬਕ ਨਰਸਾਂ ਦੀਆਂ 4200 ਆਸਾਮੀਆਂ ਵਿਚੋਂ 981 ਖ਼ਾਲੀ ਹਨ।

ਏਐਨਐਮ ਦੀਆਂ 3982 ਪੋਸਟਾਂ ਵਿਚੋਂ ਸਿਰਫ਼ 2456 ਭਰੀਆਂ ਹੋਈਆਂ ਹਨ। ਐਮਪੀਡਬਲਯੂ (ਮੇਲ) ਦੀਆਂ 2958 ਪੋਸਟਾਂ ਵਿਚੋਂ 1532 ਖ਼ਾਲੀ ਹਨ। ਲਗਭਗ ਦੋ ਸਾਲ ਪਹਿਲਾਂ ਸਿਹਤ ਵਿਭਾਗ ਨੇ ਮਾਹਰ ਡਾਕਟਰਾਂ ਦੀ ਭਰਤੀ ਲਈ ਦਿੱਲੀ ਦੇ ਕਪੂਰਥਲਾ ਹਾਊਸ ਵਿਚ ਵਾਕ ਇਨ ਇੰਟਰਵਿਊ ਰੱਖਣ ਦਾ ਤਜਰਬਾ ਕਰ ਲਿਆ ਹੈ,

ਉਥੇ ਇੰਟਰਵਿਊ ਦੇਣ ਆਏ 15 ਉਮੀਦਵਾਰਾਂ ਵਿਚੋਂ ਅੱਠ ਨੇ ਨਿਯੁਕਤੀ ਪੱਤਰ ਲੈ ਕੇ ਡਿਊਟੀ 'ਤੇ ਹਾਜ਼ਰ ਹੋਣ ਦੀ ਲੋੜ ਨਹੀਂ ਸਮਝੀ। ਸਿਹਤ ਤੇ ਮੈਡੀਕਲ ਸਿਖਿਆ ਮੰਤਰੀ ਬ੍ਰਹਮ ਮਹਿੰਦਰਾ ਨੇ ਦਾਅਵਾ ਕੀਤਾ ਹੈ ਕਿ 306 ਐਮਬੀਬੀਐਸ ਡਾਕਟਰਾਂ ਦੀ ਭਰਤੀ ਦਾ ਕੰਮ ਪੰਜਾਬ ਸਿਵਲ ਸਰਵਿਸ ਕਮਿਸ਼ਨ ਦੇ ਹਵਾਲੇ ਕਰ ਦਿਤਾ ਗਿਆ ਹੈ ਅਤੇ ਵਾਕ ਇਨ ਇੰਟਰਵਿਊ ਵਿਚ 40 ਮਾਹਰ ਹਾਜ਼ਰ ਹੋ ਚੁੱਕੇ ਹਨ।