ਆਵਾਰਾ ਪਸ਼ੂਆਂ ਨੂੰ ਕਾਬੂ ਕਰਨ ਲਈ ਪੰਜਾਬ ਦੀਆਂ ਜੇਲ੍ਹਾਂ ਦਾ ਲਿਆ ਜਾਵੇਗਾ ਸਹਾਰਾ: ਸੁਖਜਿੰਦਰ ਰੰਧਾਵਾ  

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵੱਲੋਂ ਹੁਣ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਖਾਲੀ ਪਈਆਂ ਥਾਵਾਂ ‘ਤੇ ਗਊਸ਼ਾਲਾ ਬਣਾਈਆਂ ਜਾਣਗੀਆਂ...

Sukhjinder Randhawa

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਹੁਣ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਖਾਲੀ ਪਈਆਂ ਥਾਵਾਂ ‘ਤੇ ਗਊਸ਼ਾਲਾ ਬਣਾਈਆਂ ਜਾਣਗੀਆਂ। ਇਸ ਸੰਬੰਧੀ ਪੰਜਾਬ ਸਰਕਾਰ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜੇਲ੍ਹਾਂ ਵਿਚ ਬਹੁਤ ਸਾਰੀਆਂ ਥਾਵਾਂ ਖਾਲੀ ਪਈਆਂ ਹਨ ਤੇ ਸਰਕਾਰ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ ਕਿ ਜੇਲ੍ਹਾਂ ਵਿਚ ਗਊਸ਼ਾਲਾ ਸਥਾਪਿਤ ਕਰ ਦਿੱਤੀਆਂ ਜਾਣ।

ਉਥੇ ਕੈਦੀਆਂ ਨੂੰ ਗਊਆਂ ਦੀ ਦੇਖਭਾਲ ਕਰਨ ਲਈ ਕਿਹਾ ਜਾਵੇਗਾ ਅਤੇ ਇਸ ਸੇਵਾ ਨੂੰ ਉਹ ਖੁਸ਼ੀ-ਖੁਸੀਂ ਸੰਭਾਲ ਵੀ ਲੈਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੀ ਇਹ ਯੋਜਨਾ ਸਿਰੇ ਚੜ੍ਹ ਜਾਂਦੀ ਹੈ ਤਾਂ ਗਊਸ਼ਾਲਾਵਾਂ ਲਈ ਜਗ੍ਹਾ ਦੀ ਕੋਈ ਕਮੀ ਨਹੀਂ ਰਹੇਗੀ ਅਤੇ ਆਵਾਰਾ ਪਸੂਆਂ ਦੀ ਸਮੱਸਿਆ ਵੀ ਪੱਕੇ ਤੌਰ ‘ਤੇ ਹੱਲ ਹੋ ਜਾਵੇਗੀ।

ਮੋਹਾਲੀ ਦੀ ਗਊਸ਼ਾਲਾ ਵਿਚੋਂ ਪਸ਼ੂ ਦੂਜੀਆਂ ਥਾਵਾਂ ‘ਤੇ ਤਬਦੀਲ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਬਾਰੇ ਪਤਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਗੱਲ ਕਰ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਜਗ੍ਹਾ ਮੁਹੱਈਆ ਕਰਵਾ ਦੇਣਗੇ ਜਿਥੇ ਵੱਡੀ ਗਊਸ਼ਾਲਾ ਬਣਾਈ ਜਾ ਸਕੇਗੀ।