ਪੰਜਾਬ ’ਚ ਕੱਲ੍ਹ ਸਾਹਮਣੇ ਆਏ ਕੋਰੋਨਾ ਦੇ ਮਾਮਲੇ
ਅੰਮ੍ਰਿਤਸਰ ’ਚ ਕੋਰੋਨਾ ਕਾਰਨ ਚਾਰ ਜਣਿਆਂ ਦੀ ਮੌਤ, 20 ਨਵੇਂ ਮਰੀਜ਼ ਆਏ
ਅੰਮ੍ਰਿਤਸਰ ’ਚ ਕੋਰੋਨਾ ਕਾਰਨ ਚਾਰ ਜਣਿਆਂ ਦੀ ਮੌਤ, 20 ਨਵੇਂ ਮਰੀਜ਼ ਆਏ
ਅੰਮ੍ਰਿਤਸਰ : ਅੰਮ੍ਰਿਤਸਰ ’ਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ ਸ਼ਹਿਰ ਵਿਚ 24 ਘੰਟਿਆਂ ਦੇ ਅੰਦਰ 4 ਮੌਤਾਂ ਹੋਣ ਅਤੇ 20 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਹੋਰ ਆਉਣ ਦੀ ਦੁਖਦਾਈ ਖ਼ਬਰ ਮਿਲੀ ਹੈ। ਚਾਰੇ ਮਰੀਜ਼ ਸਥਾਨਕ ਸ਼ਹਿਰ ਦੇ ਰਹਿਣ ਵਾਲੇ ਹਨ ਜਿਨ੍ਹਾਂ ਵਿਚੋਂ ਤਿੰਨ ਗੁਰੂ ਨਾਨਕ ਦੇਵ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ, ਜਦਕਿ ਇਕ 70 ਸਾਲਾ ਔਰਤ ਕਿਸੇ ਨਿਜੀ ਹਸਪਤਾਲ ’ਚ ਜ਼ੇਰੇ ਇਲਾਜ ਸੀ।
ਤਰਨ ਤਾਰਨ ’ਚ ਕੋਰੋਨਾ ਕਾਰਨ ਏ.ਐਸ.ਆਈ. ਦੀ ਮੌਤ
ਪੱਟੀ/ਭਿੱਖੀਵਿੰਡ (ਅਜੀਤ ਘਰਿਆਲਾ/ਗੁਰਪ੍ਰਤਾਪ ਜੱਜ) : ਤਰਨ ਤਾਰਨ ਨਿਵਾਸੀ ਪੰਜਾਬ ਪੁਲਿਸ ‘ਚ ਤੈਨਾਤ ਇਕ ਏ.ਐਸ.ਆਈ. ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਸਬੰਧਤ ਏ.ਐਸ.ਆਈ. ਐਸ.ਐਸ.ਪੀ ਦਫ਼ਤਰ ਤਰਨ ਤਾਰਨ ਵਿਖੇ ਸਪੈਸ਼ਲ ਬਰਾਂਚ ’ਚ ਤੈਨਾਤ ਸੀ ਅਤੇ ਤਿੰਨ ਦਿਨ ਪਹਿਲਾਂ ਉਸ ਨੂੰ ਤਕਲੀਫ਼ ਹੋਣ ’ਤੇ ਪਰਵਾਰਕ ਮੈਂਬਰਾਂ ਨੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਸੀ
ਜਿਸ ਦੀ ਬੀਤੀ ਰਾਤ ਮੌਤ ਹੋ ਗਈ ਜਦਕਿ ਉਸ ਦੇ ਸੈਂਪਲਾਂ ਦੀ ਜਾਂਚ ਦੀ ਰੀਪੋਰਟ ਸਨਿਚਰਵਾਰ ਨੂੰ ਸਵੇਰੇ ਪਾਜ਼ੇਟਿਵ ਪਾਈ ਗਈ ਹੈ। ਪੁਲਿਸ ਵਿਭਾਗੀ ਸੂਤਰਾਂ ਅਨੁਸਾਰ ਸਬੰਧਤ ਏ.ਐਸ.ਆਈ. ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਘੱਲੂਘਾਰੇ ਦੌਰਾਨ ਸਪੈਸ਼ਲ ਡਿਊਟੀ ’ਤੇ ਗਿਆ ਸੀ। ਮ੍ਰਿਤਕ ਏ.ਐਸ.ਆਈ. ਦਾ ਸਸਕਾਰ ਦਾ ਸਿਹਤ ਵਿਭਾਗ ਦੀ ਟੀਮ ਵਲੋਂ ਪਰਵਾਰਕ ਮੈਂਬਰਾਂ ਦੀ ਹਾਜ਼ਰੀ ’ਚ ਉਸ ਦੇ ਜੱਦੀ ਪਿੰਡ ਮੁਗਲਵਾਲਾ ਨਜ਼ਦੀਕ ਪੱਟੀ ਵਿਖੇ ਕੀਤਾ ਜਾਵੇਗਾ।
ਪੰਜਾਬ ਪੁਲਿਸ ਦੇ 17 ਮੁਲਾਜ਼ਮ ਕੋਰੋਨਾ ਪਾਜ਼ੇਟਿਵ
ਚੰਡੀਗੜ੍ਹ(ਨੀਲ ਭÇਲੰਦਰ) : ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਪ੍ਰਗਟਾਵਾ ਕੀਤਾ ਕਿ ਪੁਲਿਸ ਮੁਲਾਜ਼ਮਾਂ ਦੇ ਟੈਸਟ ਕੀਤੇ ਗਏ ਸਨ ਜਿਨ੍ਹਾਂ ਵਿਚੋਂ 17 ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ 14 ਕੇਸ ਜ਼ਿਲ੍ਹਾ ਪੁਲਿਸ ਨਾਲ ਸਬੰਧਤ, ਇਕ ਕੇਸ ਆਰਮਡ ਪੁਲਿਸ ਦਾ ਕੁੱਕ ਅਤੇ ਇਕ ਇੰਡੀਅਨ ਰਿਜ਼ਰਵ ਬਟਾਲੀਅਨ ਦਾ ਪੰਜਾਬ ਹੋਮ ਗਾਰਡਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਡੀਜੀਪੀ ਨੇ ਇਕ ਵੀਡੀਉ ਕਾਨਫ਼ਰੰਸ ਰਾਹੀਂ ਸਾਰੇ ਐਸਐਸਪੀਜ਼/ਸੀ ਪੀਜ਼ ਅਤੇ ਆਈ.ਜੀ. ਰੇਂਜ ਨੂੰ ਨਿਰਦੇਸ਼ ਦਿਤਾ ਸੀ
ਕਿ ਸਾਰੇ ਪੁਲਿਸ ਕਰਮਚਾਰੀਆਂ ਦਾ ਕੋਰੋਨਾ ਦਾ ਟੈਸਟ ਕਰਵਾਇਆ ਜਾਵੇ ਅਤੇ ਕੋਰੋਨਾ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਯਕੀਨੀ ਬਣਾਈਆ ਜਾਣ। ਜ਼ਿਕਰਯੋਗ ਹੈ ਕਿ ਤਰਨਤਾਰਨ ਵਿਚ ਵੀ ਕੋਰੋਨਾ ਪਾਜ਼ੇਟਿਵ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਪਹਿਲਾਂ ਲੁਧਿਆਣਾ ਵਿਚ ਏਸੀਪੀ ਅਨਿਲ ਕੋਹਲੀ ਦੀ ਮੌਤ ਹੋ ਚੁੱਕੀ ਹੈ।
ਮੋਹਾਲੀ ਵਿਚ ਕੋਰੋਨਾ 11 ਨਵੇਂ ਮਰੀਜ਼ਾਂ ਦੀ ਪੁਸ਼ਟੀ
ਐਸ.ਏ.ਐਸ. ਨਗਰ/ਡੇਰਾਬਸੀ (ਸੁਖਦੀਪ ਸਿੰਘ ਸੋਈਂ/ਗੁਰਜੀਤ ਸਿੰਘ ਈਸਾਪੁਰ) : ਜ਼ਿਲ੍ਹਾ ਐਸ.ਐਸ.ਨਗਰ ਅਧੀਨ ਪੈਂਦੇ ਡੇਰਾਬਸੀ ਦੇ ਪਿੰਡ ਮੁਬਾਰਕਪੁਰ ਵਿਖੇ ਅੱਜ ਕੋਰੋਨਾ ਵਾਇਰਸ ਦੇ 8 ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵਿਚ ਹਲਚਲ ਮਚ ਗਈ। ਪਾਜ਼ੇਟਿਵ ਆਏ ਅੱਠ ਮਰੀਜ਼ਾਂ ਵਿਚ ਪੰਜ ਬੱਚੇ ਸ਼ਾਮਲ ਹਨ। ਅੱਜ ਆਏ ਮਰੀਜ਼ਾਂ ਨੂੰ ਮਿਲਾ ਕੇ ਮੁਬਾਰਕਪੁਰ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ।
ਸਾਰੇ ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਦਸਣਯੋਗ ਹੈ ਕਿ ਬੀਤੇ ਦਿਨੀਂ ਦਿੱਲੀ ਤੋਂ ਵਾਪਸ ਆਏ ਇਕ 42 ਸਾਲਾਂ ਵਿਅਕਤੀ ਦੀ ਰੀਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਉਸ ਦੇ ਸੰਪਰਕ ਵਿਚ ਆਏ 46 ਵਿਅਕਤੀਆਂ ਦੇ ਸੈਂਪਲ ਲਏ ਸਨ। ਜਿਨ੍ਹਾਂ ਵਿਚੋਂ ਅੱਜ 8 ਜਣਿਆਂ ਦੀ ਰੀਪੋਰਟ ਪਾਜ਼ੇਟਿਵ ਆ ਗਈ ਹੈ।
ਜਲੰਧਰ ’ਚ 6 ਨਵੇਂ ਮਾਮਲੇ ਆਏ ਸਾਹਮਣੇ
ਜਲੰਧਰ (ਲੱਕੀ/ਸ਼ਰਮਾ) : ਜਲੰਧਰ ’ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸਨਿਚਰਵਾਰ ਨੂੰ ਜਲੰਧਰ ’ਚੋਂ ਇਕੱਠੇ 6 ਕੇਸ ਪਾਜ਼ੇਟਿਵ ਪਾਏ ਗਏ। ਇਸ ਦੇ ਨਾਲ ਹੀ ਹੁਣ ਜਲੰਧਰ ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 331 ਤਕ ਪਹੁੰਚ ਗਿਆ ਹੈ। ਅੱਜ ਦੇ ਮਿਲੇ ਪਾਜ਼ੇਟਿਵ ਕੇਸਾਂ ’ਚ 26 ਸਾਲਾ ਲੜਕੀ ਅਤੇ 5 ਪੁਰਸ਼ ਸ਼ਾਮਲ ਹਨ। ਇਹ ਸਾਰੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਹਨ।
ਅੱਜ ਦੇ ਸਾਰੇ ਪਾਜ਼ੇਟਿਵ ਕੇਸ ਲੰਮਾ ਪਿੰਡ, ਟੈਗੋਰ ਨਗਰ, ਬਸ਼ੀਰਪੁਰਾ, ਭਗਤ ਸਿੰਘ ਕਾਲੋਨੀ, ਗੋਪਾਲ ਨਗਰ, ਕੋਟ ਕਿਸ਼ਨ ਚੰਦ ‘ਚੋਂ ਸਾਹਮਣੇ ਆਏ ਹਨ। ਇਥੇ ਦੱਸ ਦੇਈਏ ਕਿ ਜਲੰਧਰ ’ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਜਿਥੇ ਸਿਹਤ ਮਹਿਕਮਾ ਚਿੰਤਾ ’ਚ ਹੈ, ਉਥੇ ਹੀ ਸ਼ਹਿਰ ਵਾਸੀਆਂ ’ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਪਟਿਆਲਾ ’ਚ 6 ਕੋਰੋਨਾ ਪਾਜ਼ੇਟਿਵ ਮਾਮਲੇ ਆਏ
ਪਟਿਆਲਾ (ਫ਼ਤਿਹਪੁਰੀ) : ਸਰਕਾਰੀ ਰਜਿੰਦਰਾ ਹਸਪਤਾਲ ‘ਚ ਡਿਊਟੀ ਕਰ ਰਹੀ ਸਟਾਫ਼ ਨਰਸ ਸਮੇਤ ਜ਼ਿਲ੍ਹੇ ਨਾਲ ਸਬੰਧਿਤ 6 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਜ਼ਿਲ੍ਹਾ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕੀਤੀ।
ਪਠਾਨਕੋਟ ’ਚ ਚਾਰ ਕੋਰੋਨਾ ਪਾਜ਼ੇਟਿਵਾਂ ਦੀ ਪੁਸ਼ਟੀ
ਪਠਾਨਕੋਟ, 13 ਜੂਨ (ਤੇਜਿੰਦਰ ਸਿੰਘ) : ਕੋਰੋਨਾ ਵਾਇਰਸ ਦੇ ਚਲਦਿਆਂ ਸਿਵਲ ਹਸਪਤਾਲ ਪਠਾਨਕੋਟ ਵਲੋਂ ਅੰਮ੍ਰਿਤਸਰ ਭੇਜੇ ਗਏ 295 ਸੈਂਪਲਾਂ ’ਚੋਂ 4 ਲੋਕਾਂ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ ਜਦਕਿ 291 ਲੋਕਾਂ ਦੀ ਰੀਪੋਰਟ ਨੈਗੇਟਿਵ ਪਾਈ ਗਈ ਹੈ। ਇਹ ਸਾਰੇ ਲੋਕ ਕੋਰੋਨਾ ਪਾਜ਼ੇਟਿਵ ਲੋਕਾਂ ਦੇ ਸੰਪਰਕ ’ਚ ਆਏ ਹੋਏ ਸਨ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾ. ਵਿਨੋਦ ਸਰੀਨ ਨੇ ਕੀਤੀ।
ਬਰਨਾਲਾ ’ਚ ਮਿਲੇ ਦੋ ਹੋਰ ਕੋਰੋਨਾ ਪਾਜ਼ੇਟਿਵ
ਬਰਨਾਲਾ (ਗਰੇਵਾਲ) : ਜ਼ਿਲ੍ਹਾ ਬਰਨਾਲਾ ਦੇ ਕਸਬਾ ਭਦੌੜ ਵਿਖੇ ਅੱਜ ਸਵਖਤੇ ਹੀ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਬੀਤੇ ਦਿਨੀਂ ਦਿੱਲੀ ਤੋਂ ਆਏ ਵਿਅਕਤੀ ਦਾ ਟੈਸਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਉਸ ਦੇ ਦੋ ਪਰਵਾਰਕ ਮੈਂਬਰਾਂ ਦਾ ਟੈਸਟ ਵੀ ਕੋਰੋਨਾ ਪਾਜ਼ੇਟਿਵ ਆ ਗਿਆ। ਸੀ.ਐਚ.ਸੀ ਭਦੌੜ ਦੇ ਡਾ. ਸਤਵੰਤ ਸਿੰਘ ਬਾਵਾ ਨੇ ਦਸਿਆ ਕਿ ਦਿੱਲੀ ਤੋਂ ਆਏ ਵਿਅਕਤੀ ਦਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਜਦੋਂ ਉਸ ਦੇ ਸੰਪਰਕ ’ਚ ਆਏ 6 ਪਰਵਾਰਕ ਮੈਂਬਰਾਂ ਦਾ ਟੈਸਟ ਲਿਆ ਗਿਆ ਸੀ ਤਾਂ ਉਨ੍ਹਾਂ ਦੀ ਅੱਜ ਆਈ ਰੀਪੋਰਟ ’ਚ ਉਕਤ ਪੀੜਤ ਵਿਅਕਤੀ ਦੀ ਮਾਮੀ ਅਤੇ ਚਾਚੀ ਦੀ ਰੀਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਸੋਹਲ ਪੱਤੀ ਬਰਨਾਲਾ ਵਿਖੇ ਭੇਜਿਆ ਗਿਆ। ਇਸ ਸਮੇਂ ਸਿਹਤ ਕਰਮਚਾਰੀ ਬਲਜਿੰਦਰ ਸਿੰਘ ਅਤੇ ਏ.ਐਸ.ਆਈ ਅਮਰਜੀਤ ਸਿੰਘ ਆਦਿ ਹਾਜ਼ਰ ਸਨ।
ਫਗਵਾੜਾ ’ਚ ਆਇਆ ਇਕ ਕੋਰੋਨਾ ਪਾਜ਼ੇਟਿਵ
ਫ਼ਗਵਾੜਾ, 13 ਜੂਨ (ਪਪ) : ਫ਼ਗਵਾੜਾ ਦੇ ਮੁਹੱਲਾ ਭਗਤਪੁਰਾ ਵਿਖੇ ਇਕ 38 ਸਾਲਾ ਵਿਅਕਤੀ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਇਲਾਕੇ ’ਚ ਭੈਅ ਦਾ ਮਾਹੌਲ ਬਣ ਗਿਆ। ਸਿਹਤ ਵਿਭਾਗ ਦੀ ਟੀਮ ਇਸ ਮਾਮਲੇ ਨੂੰ ਲੈ ਕੇ ਪੂਰੀ ਤਰਾਂ ਹਰਕਤ ’ਚ ਆ ਗਈ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਹੈ।
ਫ਼ਿਰੋਜ਼ਪੁਰ ਵਿਚ ਮਿਲਿਆ ਇਕ ਹੋਰ ਕੋਰੋਨਾ ਪਾਜ਼ੇਟਿਵ
ਫ਼ਿਰੋਜ਼ਪੁਰ, 13 ਜੂਨ (ਸੁਭਾਸ਼ ਕੱਕੜ) : ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਇਕ ਹੋਰ ਮਰੀਜ਼ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ, ਜਿਸ ਨਾਲ ਹੁਣ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2 ਤਕ ਪਹੁੰਚ ਗਈ ਹੈ। ਤਾਜ਼ਾ ਮਾਮਲਾ ਤਲਵੰਡੀ ਭਾਈ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਤਲਵੰਡੀ ਭਾਈ ਵਿਚ ਕੋਰੋਨਾ ਨੇ ਦਸਤਕ ਦੇ ਦਿਤੀ ਹੈ ਅਤੇ ਇਥੋਂ ਦੇ ਅਜੀਤ ਨਗਰ ਦੀ ਵਸਨੀਕ ਇਕ ਔਰਤ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ ਜਿਸ ਦੀ ਸ਼ਨਾਖਤ 28 ਸਾਲਾ ਰਿੰਕੂ ਦੇਵੀ ਪਤਨੀ ਪੂਰਨ ਵਜੋਂ ਹੋਈ ਹੈ ਜੋ ਗਰਭਵਤੀ ਵੀ ਹੈ। ਰੀਪੋਰਟ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਸ ਮਹਿਲਾ ਨੂੰ ਫ਼ਿਰੋਜ਼ਪੁਰ ਸਿਵਲ ਹਸਪਤਾਲ ਵਿਚ ਕਰਵਾਇਆ ਗਿਆ ਹੈ।