ਸਮਰਥਨ ਮੁੱਲ ਘਟਾਉਣ ਦੀ ਕਦੇ ਹਮਾਇਤ ਨਹੀਂ ਕੀਤੀ : ਗਡਕਰੀ
ਸੜਕ ਆਵਾਜਾਈ ਅਤੇ ਸ਼ਾਹਰਾਹ ਤੇ ਐਮ.ਐਸ.ਐਮ.ਈ. ਬਾਰੇ ਕੇਂਦਰੀ ਮੰਤਰੀ ਨੇ ਮੀਡੀਆ 'ਚ ਆਈਆਂ ਅਜਿਹੀਆਂ
ਚੰਡੀਗੜ੍ਹ, 13 ਜੂਨ (ਨੀਲ ਭਾਲਿੰਦਰ ਸਿੰਘ): ਸੜਕ ਆਵਾਜਾਈ ਅਤੇ ਸ਼ਾਹਰਾਹ ਤੇ ਐਮ.ਐਸ.ਐਮ.ਈ. ਬਾਰੇ ਕੇਂਦਰੀ ਮੰਤਰੀ ਨੇ ਮੀਡੀਆ 'ਚ ਆਈਆਂ ਅਜਿਹੀਆਂ ਖ਼ਬਰਾਂ ਨੂੰ ਸਿਰਿਉਂ ਖ਼ਾਰਜ ਕੀਤਾ ਹੈ ਕਿ ਉਨ੍ਹਾਂ ਨੇ ਕਦੇ ਅਜਿਹਾ ਬਿਆਨ ਦਿਤਾ ਸੀ ਕਿ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਘੱਟ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਅਜਿਹੀਆਂ ਖ਼ਬਰਾਂ ਨੂੰ ਨਾ ਸਿਰਫ਼ ਗ਼ਲਤ ਬਲਕਿ ਖ਼ਤਰਨਾਕ ਵੀ ਦਸਿਆ।
ਇਸ ਮੁੱਦੇ 'ਤੇ ਬਿਆਨ ਜਾਰੀ ਕਰਦਿਆਂ ਗਡਕਰੀ ਨੇ ਕਿਹਾ ਕਿ ਉਹ ਹਮੇਸ਼ਾ ਵੱਖੋ-ਵੱਖ ਤਰੀਕਿਆਂ ਨਾਲ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਬਾਰੇ ਸੋਚਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਵੇਲੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਐਲਾਨ ਹੋ ਰਿਹਾ ਸੀ ਉਸ ਵੇਲੇ ਉਹ ਵੀ ਉਥੇ ਮੌਜੂਦ ਸਨ ਇਸ ਲਈ ਸਮਰਥਨ ਮੁੱਲ ਘਟਾਉਣ ਦੀ ਹਮਾਇਤ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਿਹਤਰ ਆਮਦਨ ਦੇ ਸਰੋਤ ਦੇਣਾ ਭਾਰਤ ਸਰਕਾਰ ਦੀ ਪਹਿਲ ਰਹੀ ਹੈ ਅਤੇ ਇਸੇ ਕਰ ਕੇ ਘੱਟੋ-ਘੱਟ ਸਮਰਥਨ ਮੁੱਲ ਨੂੰ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਜ਼ਿਆਦਾ ਕਰਨ ਲਈ ਫ਼ਸਲਾਂ ਬੀਜਣ ਦੀ ਵਨਗੀ 'ਚ ਬਦਲਾਅ ਜ਼ਰੂਰੀ ਹੈ ਜਿਵੇਂ ਤੇਲਾਂ ਦੇ ਬੀਜ ਦੀ ਫ਼ਸਲ ਪੈਦਾ ਕਰਨਾ ਭਾਰਤ 'ਚ ਜ਼ਿਆਦਾ ਲਾਭਕਾਰੀ ਸਿੱਧ ਹੋ ਸਕਦਾ ਹੈ ਕਿਉਂਕਿ ਭਾਰਤ ਹਰ ਸਾਲ 90 ਹਜ਼ਾਰ ਕਰੋੜ ਰੁਪਏ ਤੇਲਾਂ ਦੇ ਆਯਾਤ 'ਤੇ ਖ਼ਰਚ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਚੌਲਾਂ/ਝੋਨੇ/ਕਣਕ/ਮੱਕੀ ਤੋਂ ਈਥੇਨਾਲ ਦੇ ਉਤਾਪਦਨ ਨਾਲ ਨਾ ਸਿਰਫ਼ ਕਿਸਾਨਾਂ ਨੂੰ ਲਾਭ ਮਿਲੇਗਾ ਬਲਕਿ ਆਯਾਤ ਦਾ ਬਿੱਲ ਵੀ ਘਟੇਗਾ।