‘ਗਿਆਨੀ ਰਘਬੀਰ ਸਿੰਘ ਡੇਰਿਆਂ ਵਿਚ ਸਿੱਖ ਰਹਿਤ ਮਰਿਆਦਾ ਲਾਗੂ ਕਰਾਉਣ ਲਈ ਤੁਰਤ ਕਰਨ ਕਾਰਵਾਈ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿਨੋਂ ਦਿਨ ਵਧ ਰਹੇ ਨਿਜੀ ਡੇਰਿਆਂ ਵਿਚ ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਵਾਨਤ ਸਿੱਖ ਰਹਿਤ

Giani Raghbir Singh

ਸ੍ਰੀ ਅਨੰਦਪੁਰ ਸਾਹਿਬ, 13 ਜੂਨ (ਭਗਵੰਤ ਸਿੰਘ ਮਟੌਰ): ਦਿਨੋਂ ਦਿਨ ਵਧ ਰਹੇ ਨਿਜੀ ਡੇਰਿਆਂ ਵਿਚ ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਲਾਗੂ ਕਰਾਉਣ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਦਿਤੇ ਬਿਆਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਡੇਰਿਆਂ ਵਿਚ ਵੀ ਸਿੱਖ ਰਹਿਤ ਮਰਿਆਦਾ ਲਾਗੂ ਕਰਵਾਉਣ ਦੀ ਪਹਿਲ ਕਦਮੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅਸੀ ‘ਜਥੇਦਾਰ’ ਦੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। 

ਪੰਥਕ ਏਕਤਾ ਦਾ ਇਕੋ ਇਕ ਸੂਤਰਧਾਰ ਮਰਿਆਦਾ ਲਾਗੂ ਕਰਾਉਣਾ ਹੈ ਤੇ ਅਸੀਂ ਇਸ ਵਿਚ ਪੂਰਨ ਸਹਿਯੋਗ ਦੇਵਾਂਗੇ। ਇਸੇ ਤਰ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਆਦਾ ਨਾ ਮੰਨਣ ਵਾਲੇ ਡੇਰੇ ਗ਼ੈਰ ਪੰਥਕ ਹਨ ਜਿਨ੍ਹਾਂ ਨੂੰ ਆਦੇਸ਼ ਜਾਰੀ ਕਰ ਕੇ ਮਰਿਆਦਾ ਮੰਨਣ ਲਈ ਹੁਕਮ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਸਿਰਮੌਰ ਹੈ ਤੇ ਸਾਰੇ ਡੇਰਿਆਂ ਵਿਚ ਮਰਿਆਦਾ ਲਾਗੂ ਕਰਾਉਣਾ ਇਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਹੈ। ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਭਾਂਤ ਭਾਂਤ ਦੀ ਮਰਿਆਦਾ ਸਿੱਖੀ ਦੇ ਪਾਵਨ ਸਿਧਾਂਤਾਂ ਦਾ ਮਜ਼ਾਕ ਉਡਾਉਂਦੀ ਨਜ਼ਰ ਆਉਂਦੀ ਹੈ ਤੇ ਸਿੱਖਾਂ ਦੀ ਸਥਿਤੀ ਹਾਸੋਹੀਣੀ ਬਣਾਉਂਦੀ ਹੈ। ਉਨ੍ਹਾਂ ਕਿਹਾ ਤਖ਼ਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਤੁਰਤ ਨਿਜੀ ਡੇਰਿਆਂ ਵਿਚ ਅਕਾਲ ਤਖ਼ਤ ਸਾਹਿਬ ਦੀ ਪੰਥਕ ਰਹਿਤ ਮਰਿਆਦਾ ਲਾਗੂ ਕਰਵਾਉਣ ਲਈ ਯਤਨਸ਼ੀਲ ਹੋਣ।