ਤਖ਼ਤ ਪਟਨਾ ਸਾਹਿਬ ਦੇ ਮੈਂਬਰ ਨੂੰ ਤਨਖ਼ਾਹੀਆ ਕਰਾਰ ਦੇਣ ਪਿਛੋਂ ਜਥੇਦਾਰਦਾਅਧਿਕਾਰਖੇਤਰਸਵਾਲਾਂਦੇਘੇਰੇ'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਧੂ ਖ਼ੁਦ ਤਨਖ਼ਾਹੀਆ ਹਨ, ਉਨ੍ਹਾਂ ਨੂੰ ਕਿੰਤੂ ਕਰਨ ਦਾ ਕੋਈ ਹੱਕ ਨਹੀਂ: ਜਥੇਦਾਰ ਰਣਜੀਤ ਸਿੰਘ

1

ਪਟਨਾ ਸਾਹਿਬ ਦੇ ਸੰਵਿਧਾਨ ਮੁਤਾਬਕ ਜਥੇਦਾਰ ਦਾ ਅਹੁਦਾ ਹੀ ਨਹੀਂ ਹੈ, ਉਹ ਹੈੱਡ ਗ੍ਰੰਥੀ ਹਨ ਤੇ ਪ੍ਰਬੰਧਕੀ ਮਾਮਲਿਆਂ ਵਿਚ ਦਖ਼ਲ ਨਹੀਂ ਦੇ ਸਕਦੇ: ਭੁਪਿੰਦਰ ਸਿੰਘ ਸਾਧੂ



ਨਵੀਂ ਦਿੱਲੀ, 14 ਜੂਨ (ਅਮਨਦੀਪ ਸਿੰਘ) : ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਇਕ ਮੈਂਬਰ ਸ.ਹਰਪਾਲ ਸਿੰਘ ਜੌਹਲ ਨੂੰ ਤਖ਼ਤ ਦੇ ਹੀ ਜਥੇਦਾਰ ਵਲੋਂ ਤਨਖ਼ਾਹੀਆ ਕਰਾਰ ਦੇਣ ਪਿਛੋਂ ਜਥੇਦਾਰ ਦੇ ਅਧਿਕਾਰ ਖੇਤਰ ਬਾਰੇ ਸਵਾਲ ਚੁਕੇ ਜਾ ਰਹੇ ਹਨ।


ਤਖ਼ਤ ਪਟਨਾ ਸਾਹਿਬ ਕਮੇਟੀ ਦੇ ਮੁਖ ਪ੍ਰਸ਼ਾਸਕ ਭਾਈ ਭੁਪਿੰਦਰ ਸਿੰਘ ਸਾਧੂ ਨੇ ਤਾਂ ਇਥੋਂ ਤਕ ਆਖ ਦਿਤਾ ਕਿ ਤਖ਼ਤ ਪਟਨਾ ਸਾਹਿਬ ਬੋਰਡ ਦੇ ਸੰਵਿਧਾਨ ਵਿਚ ਜਥੇਦਾਰ ਦਾ ਅਹੁਦਾ ਹੀ ਨਹੀਂ ਹੈ ਤੇ ਸਿਰਫ਼ ਹੈੱਡ ਗ੍ਰੰਥੀ ਦਾ ਅਹੁਦਾ ਹੈ। ਇਸ ਲਈ ਜਥੇਦਾਰ ਨੂੰ ਪ੍ਰਬੰਧਕੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਮਹੰਤ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 'ਸਪੋਕਸਮੈਨ' ਨਾਲ ਕੈਨੇਡਾ ਤੋਂ ਗੱਲਬਾਤ ਕਰਦੇ ਹੋਏ ਸ.ਸਾਧੂ ਨੇ ਕਿਹਾ ਜਥੇਦਾਰ ਕਮੇਟੀ ਨੂੰ ਸਲਾਹ ਤਾਂ ਦੇ ਸਕਦੇ ਹਨ, ਪਰ ਪ੍ਰਬੰਧਕੀ ਮਾਮਲਿਆਂ ਵਿਚ ਦਖ਼ਲ ਨਹੀਂ ਦੇ ਸਕਦੇ ਤੇ ਨਾਮਜ਼ਦ ਮੈਂਬਰ ਸ.ਹਰਪਾਲ ਸਿੰਘ ਜੌਹਲ ਨੂੰ ਤਨਖ਼ਾਹੀਆ ਕਰਾਰ ਨਹੀਂ ਦੇ ਸਕਦੇ। ਇਹ ਇਕ ਮਾੜੀ ਪਿਰਤ ਸ਼ੁਰੂ ਕਰ ਦਿਤੀ ਗਈ ਹੈ ਜੋ ਸਾਨੂੰ ਮਹੰਤਾਂ ਦੇ ਦੌਰ ਦੀ ਯਾਦ ਦਿਵਾਉਂਦੀ ਹੈ।

ਦਰਅਸਲ ਪਿਛਲੇ ਦਿਨੀਂ 17 ਮਈ ਨੂੰ ਤਖ਼ਤ ਪਟਨਾ ਸਾਹਿਬ ਵਿਖੇ ਪੰਜ ਜਥੇਦਾਰਾਂ ਦੀ ਹੋਈ ਮੀਟਿੰਗ ਵਿਚ ਇਕ 'ਹੁਕਮਨਾਮਾ' ਜਾਰੀ ਕਰ ਕੇ, ਤਖ਼ਤ ਅਧੀਨ ਗੁਰਦਵਾਰਿਆਂ ਦੇ ਗ੍ਰੰਥੀਆਂ ਤੇ ਰਾਗੀਆਂ ਦੀ ਬਦਲੀ ਦਾ ਹੱਕ ਜਥੇਦਾਰ ਦੇ ਅਧੀਨ ਕਰ ਦਿਤਾ ਗਿਆ ਹੈ ਤੇ ਕਮੇਟੀ ਨੂੰ ਕਈ ਹੁਕਮ ਵੀ ਦਿਤੇ ਗਏ ਹਨ ਜਦੋਂ ਕਿ ਕਮੇਟੀ ਦੇ ਇਕ ਨਾਮਜ਼ਦ ਮੈਂਬਰ ਸ.ਹਰਪਾਲ ਸਿੰਘ ਜੌਹਲ ਵਲੋਂ ਜਥੇਦਾਰ ਦੇ ਖ਼ਰਚਿਆਂ ਬਾਰੇ ਕਥਿਤ ਇਤਰਾਜ਼ ਚੁਕੇ ਗਏ ਸਨ, ਜਿਸ ਪਿਛੋਂ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦੇ ਦਿਤਾ ਗਿਆ ਹੈ। ਪਟਨਾ ਦੀਆਂ ਅਖ਼ਬਾਰੀ ਖ਼ਬਰਾਂ ਮੁਤਾਬਕ ਸ.ਭੁਪਿੰਦਰ ਸਿੰਘ ਸਾਧੂ ਵਲੋਂ ਜਥੇਦਾਰ ਦੇ ਅਧਿਕਾਰ ਖੇਤਰ 'ਤੇ ਕਿੰਤੂ ਕਰਨ ਪਿਛੋਂ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ਨੇ ਕਿਹਾ ਹੈ ਕਿ ਕਿਉਂਕਿ ਭੁਪਿੰਦਰ ਸਿੰਘ ਸਾਧੂ ਨੂੰ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਤਨਖ਼ਾਹੀਆ ਕਰਾਰ ਦਿਤਾ ਸੀ, ਇਸ ਲਈ ਸਾਧੂ ਨੂੰ ਹੁਣ ਦੇ ਫ਼ੈਸਲੇ 'ਤੇ  ਸਵਾਲ ਚੁਕਣ ਦਾ ਕੋਈ ਹੱਕ ਨਹੀਂ। ਸਾਧੂ ਨੂੰ ਪੁਰਾਣੇ  ਜਥੇਦਾਰ ਵਲੋਂ ਤਨਖ਼ਾਹੀਆ ਕਰਾਰ ਦੇਣ ਦੇ ਮਾਮਲੇ ਵਿਚ 8 ਫ਼ਰਵਰੀ 2020 ਨੂੰ ਹਾਜ਼ਰ ਹੋਣ ਲਈ ਕਿਹਾ ਸੀ, ਪਰ ਉਹ ਹਾਜ਼ਰ ਨਹੀਂ ਸਨ ਹੋਏ ਨਾ ਹੀ ਕੋਈ ਸਪਸ਼ਟੀਕਰਨ ਭੇਜਿਆ।  ਅੱਜੇ ਉਹ ਦੋਸ਼ ਮੁਕਤ ਨਹੀਂ ਹਨ।  ਜਦੋਂ ਕਿ ਸਾਧੂ ਦਾ ਕਹਿਣਾ ਹੈ ਕਿ ਜਦੋਂ ਗਿਆਨੀ ਇਕਬਾਲ ਸਿੰਘ ਨੂੰ ਪੁਰਾਣੀ ਕਮੇਟੀ ਨੇ ਜਥੇਦਾਰੀ ਤੋਂ ਲਾਹ ਦਿਤਾ ਸੀ, ਉਸ ਪਿਛੋਂ ਉਨ੍ਹਾਂ ਤਨਖਾਹੀਆ ਵਾਲਾ ਵਿਵਾਦਤ ਫ਼ੈਸਲਾ ਦਿਤਾ ਸੀ।


ਉਧਰ ਅਪਣੇ ਇਕ ਇੰਟਰਵਿਊ ਵਿਚ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਕਿਹਾ ਹੈ ਕਿ ਸ.ਹਰਪਾਲ ਸਿੰਘ ਜੌਹਲ ਦੀ ਇਕ ਆਡੀਉ ਕਲਿੱਪ ਨਸ਼ਰ ਹੋਈ ਸੀ ਜਿਸ ਨਾਲ ਤਖ਼ਤ ਸਾਹਿਬ ਦੇ ਸਨਮਾਨ ਨੂੰ ਸੱਟ ਵਜਦੀ ਸੀ। ਫਿਰ ਉਨਾਂ੍ਹ ਨੂੰ 20 ਮਾਰਚ ਨੂੰ ਪੰਜ ਜਥੇਦਾਰਾਂ ਨੇ ਚਿੱਠੀ ਭੇਜ ਕੇ 27 ਮਾਰਚ ਨੂੰ ਸਪਸ਼ਟੀਕਰਨ ਲਈ ਤਲਬ ਕੀਤਾ ਸੀ, ਪਰ ਉਹ ਪੇਸ਼ ਨਹੀਂ ਹੋਏ। ਪਿਛੋਂ ਤਖ਼ਤ ਸਾਹਿਬ ਦੇ ਅਦਬ ਦੀ ਤੌਹੀਨ ਦੇ ਦੋਸ਼ ਵਿਚ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿਤਾ ਗਿਆ ਹੈ।