ਸ਼੍ਰੋਮਣੀ ਕਮੇਟੀ ਦੀ ਸ਼ਤਾਬਦੀ ਮਨਾਉਣ ਸਮੇਂ ਬਾਦਲਾਂ ਦੇ ਕਿੱਸੇ ਖੁਲ੍ਹਣਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਥਕ ਦਲ ਇਸ ਹਫ਼ਤੇ ਰਣਨੀਤੀ ਦਾ ਐਲਾਨ ਕਰ ਸਕਦੇ ਹਨ

1

ਅੰਮ੍ਰਿਤਸਰ, 14 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ ਮਨਾਉਣ ਦਾ ਫ਼ੈਸਲਾ ਅੰਤ੍ਰਿੰਗ ਕਮੇਟੀ 'ਚ ਲਿਆ ਗਿਆ। ਪੰਥਕ ਹਲਕਿਆਂ ਮੁਤਾਬਕ ਸਿੱਖ ਸਿਆਸਤ ਵਿਚ ਸਿੱਖਾਂ ਦੀ ਪ੍ਰਤੀਨਿਧ ਜਮਾਤ ਸ਼੍ਰੋਮਣੀ ਕਮੇਟੀ ਦੀ ਸਿੱਖ ਸਿਆਸਤ ਵਿਚ ਅਹਿਮ ਥਾਂ ਹੈ। ਇਹ ਸਿੱਖ ਸ਼ਿਆਸਤ ਦਾ ਧੁਰਾ  ਹੈ। ਸ਼੍ਰੋਮਣੀ ਕਮੇਟੀ 15 ਨਵੰਬਰ 1920 ਨੂੰ ਬਣੀ ਸੀ। ਉਪਰੰਤ 1925 ਦੇ ਗੁਰਦਵਾਰਾ ਐਕਟ ਹੇਠ ਇਸ ਦੀਆਂ ਪਹਿਲੀਆਂ ਚੋਣਾਂ 1926 ਵਿਚ ਹੋਈਆਂ, ਉਸ ਵੇਲੇ ਅੰਗਰੇਜ਼ ਸਾਮਰਾਜ ਦੀ ਹਕੂਮਤ ਭਾਰਤ ਵਿਚ ਸੀ।


ਸ਼੍ਰੋਮਣੀ ਕਮੇਟੀ  ਦੀ ਕਾਇਮੀਂ ਵਾਸਤੇ ਸੈਂਕੜੇ ਸਿੱਖਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ। ਹਜ਼ਾਰਾਂ ਸਿੱਖ ਜੇਲ ਵਿਚ ਗਏ। ਲੱਖਾਂ ਸਿੱਖ ਇਸ ਲਹਿਰ ਤੋਂ ਅਸਰ ਅੰਦਾਜ਼ ਵੀ ਹੋਏ। ਗੁਰਧਾਮਾਂ ਦੇ ਕਬਜ਼ੇ ਛੁਡਵਾਉਣ ਲਈ ਵੱਡੇ ਸੰਘਰਸ਼ ਕਰਨੇ ਪਏ। ਸਿੱਖ ਵਿਦਵਾਨਾਂ ਮੁਤਾਬਕ, ਉਸ ਵੇਲੇ ਤੇ ਹੁਣ ਜ਼ਮੀਨ ਅਸਮਾਨ ਦਾ ਫ਼ਰਕ ਹੈ। ਇਸ ਤੇ ਉਸ ਵੇਲੇ ਦੀ ਸਿੱਖ ਕੌਮ ਦੀ ਲੀਡਰਸ਼ਿਪ ਦਾ ਕਬਜ਼ਾ ਸੀ ਜੋ ਅੰਗਰੇਜ਼ ਸਾਮਰਾਜ ਨੂੰ ਮੁਲਕ ਵਿਚੋਂ ਕੱਢਣ ਲਈ ਘੋਲ ਕਰ ਰਹੇ  ਸਨ। ਪਰ ਇਸ ਵੇਲੇ ਵਾਗਡੋਰ ਸ.ਬਾਦਲ ਕੋਲ ਹੈ ਜੋ ਕਾਫ਼ੀ ਸਮੇਂ ਤੋਂ ਇਸ 'ਤੇ ਕਾਬਜ਼ ਹਨ ਜਿਸ ਤੋਂ ਸਿੱਖ ਖ਼ਫ਼ਾ ਹੈ। ਸ. ਬਾਦਲ ਪਰਵਾਰ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਕੀਤਾ ਫਿਰ ਉਨ੍ਹਾਂ ਸ਼੍ਰੋਮਣੀ ਕਮੇਟੀ ਅਪਣੇ ਕੰਟਰੋਲ ਵਿਚ ਕਰਦਿਆਂ ਇਸ ਦੇ ਪ੍ਰਧਾਨ ਅਪਣੀ ਮਨਮਰਜ਼ੀ ਦੇ ਲਾਏ ਪਰ ਵਿਰੋਧੀ ਧਿਰ ਕੁੱਝ ਨਾ ਕਰ ਸਕੀ। ਇਹ ਚਰਚਾ ਰਹੀ ਕਿ ਪ੍ਰਧਾਨ ਲਿਫ਼ਾਫ਼ਿਆਂ ਵਿਚੋਂ ਨਿਕਲਦੇ ਰਹੇ ਜੋ ਗ਼ੈਰ ਲੋਕਤੰਤਰੀ ਹੈ।

ਇਸ ਤੋਂ ਬਾਅਦ ਅਕਾਲ ਤਖ਼ਤ 'ਤੇ ਵੀ ਬਾਦਲ ਪਰਵਾਰ ਨੇ ਜਥੇਦਾਰ ਤਾਇਨਾਤ ਕਰ ਕੇ ਮਨਮਰਜ਼ੀ ਦੇ ਫ਼ੈਸਲੇ ਕਰਵਾਏ ਜਿਸ ਦੀ ਮਿਸਾਲ ਸੌਦਾ ਸਾਧ ਹੈ, ਜੋ ਬੇਅਦਬੀਆਂ ਲਈ ਮੁੱਖ ਜ਼ੁੰਮੇਵਾਰ ਹੈ। ਦੂਸਰੇ ਪਾਸੇ ਬਾਦਲ ਵਿਰੋਧੀ ਪੰਥਕ ਸੰਗਠਨਾਂ ਵਿਚ ਇਕਮੁਠਤਾ ਨਾ ਹੋਣ ਕਰ ਕੇ, ਉਹ ਬਾਦਲਾਂ ਨੂੰ ਉਕਤ ਸਿੱਖ ਸੰਸਥਾਵਾਂ ਵਿਚੋਂ ਬਾਹਰ ਦਾ ਰਸਤਾ ਵਿਖਾਉਣ 'ਚ ਬੁਰੀ ਤਰ੍ਹਾਂ ਨਾਕਾਮ ਰਹੇ। ਹੁਣ ਸ਼੍ਰੋਮਣੀ ਕਮੇਟੀ  ਦੇ ਸਥਾਪਨਾ ਦਿਵਸ ਦੀਆਂ ਸਰਗਰਮੀਆਂ ਤੇਜ਼ ਹੋਣ ਦੀ ਸੰਭਾਵਨਾ ਹੈ। ਬਾਦਲ ਵਿਰੋਧੀ ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਵਸ ਬਾਅਦ ਸ਼੍ਰੋਮਣੀ ਅਕਾਲੀ ਦਿਵਸ ਦਾ ਸਥਾਪਨਾ ਦਿਵਸ ਮਨਾਉਣਾ ਹੈ ਜੋ 14 ਦਸੰਬਰ 2020 ਨੂੰ ਪੰਥਕ ਦਲਾਂ ਅਤੇ ਉਨ੍ਹਾਂ ਦੇ ਹਿਮਾਇਤੀਆਂ ਵਲੋਂ ਮਨਾਇਆ ਜਾ ਰਿਹਾ ਹੈ ਜਿਸ ਦਾ ਉਨ੍ਹਾਂ 14 ਦਸੰਬਰ 2019 ਨੂੰ ਐਲਾਨ ਕੀਤਾ ਸੀ। ਉਨ੍ਹਾਂ ਨੇ ਚੀਫ਼ ਖ਼ਾਲਸਾ ਦੀਵਾਨ ਦੇ ਹਾਲ ਵਿਚ ਮਨਾਇਆ ਸੀ। ਕੋਰੋਨਾ ਕਾਰਨ ਸਰਗਰਮੀਆਂ ਘਟੀਆਂ ਹਨ ਪਰ ਅੰਦਰ ਖਾਤੇ ਵੱਖ-ਵੱਖ ਤਰ੍ਹਾਂ ਦੇ ਫ਼ੈਸਲੇ ਲਏ ਜਾ ਰਹੇ ਹਨ। ਪੰਥਕ ਦਲ ਵੀ ਇਸ ਹਫ਼ਤੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਬਾਰੇ ਅਹਿਮ ਐਲਾਨ ਕਰਨ ਜਾ ਰਹੇ ਹਨ। ਬਾਦਲ ਵਿਰੋਧੀਆਂ ਦਾ ਇਕੋ ਇਕ ਮਨੋਰਥ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣਾ ਹੈ।