ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਵਲੋਂ ਪ੍ਰਕਾਸ਼ ਸਿੰਘ ਬਾਦਲ ਤਲਬ

ਏਜੰਸੀ

ਖ਼ਬਰਾਂ, ਪੰਜਾਬ

ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਵਲੋਂ ਪ੍ਰਕਾਸ਼ ਸਿੰਘ ਬਾਦਲ ਤਲਬ

image


16 ਜੂਨ ਨੂੰ  ਮੋਹਾਲੀ ਦੇ ਫ਼ੇਜ਼ 8 ਵਿਚ ਐਸ.ਆਈ.ਟੀ. ਸਾਹਮਣੇ ਹੋਣਾ ਪਵੇਗਾ ਪੇਸ਼

ਕੋਟਕਪੂਰਾ, 13 ਜੂਨ (ਗੁਰਿੰਦਰ ਸਿੰਘ) : ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਰਿਪੋਰਟ ਅਦਾਲਤ ਵਲੋਂ ਰੱਦ ਕਰ ਦੇਣ ਤੋਂ ਬਾਅਦ ਕਾਂਗਰਸ ਪਾਰਟੀ ਵਿਚ ਛਿੜੇ ਕਾਟੋ-ਕਲੇਸ਼ ਦੇ ਨਾਲ-ਨਾਲ ਨਵੀਂ ਗਠਤ ਕੀਤੀ ਐਸ.ਆਈ.ਟੀ. ਨੇ ਅਪਣੀ ਸਰਗਰਮੀ ਤੇਜ਼ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ  ਤਲਬ ਕੀਤੇ ਜਾਣ ਦੀ ਖ਼ਬਰ ਮਿਲੀ ਹੈ | 
ਸੂਤਰਾਂ ਅਨੁਸਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ 'ਤੇ ਏਡੀਜੀਪੀ ਐਲ.ਕੇ. ਯਾਦਵ ਦੀ ਅਗਵਾਈ ਵਾਲੀ ਐਸਆਈਟੀ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਪੁੱਛ-ਗਿੱਛ ਲਈ ਸ੍ਰ. ਬਾਦਲ ਨੂੰ  16 ਜੂਨ ਲਈ ਸੰਮਨ ਭੇਜੇ ਹਨ | ਐਸਆਈਟੀ ਨੇ ਉਨ੍ਹਾਂ ਨੂੰ  16 ਜੂਨ ਸਵੇਰੇ 10:30 ਵਜੇ ਮੋਹਾਲੀ ਦੇ ਫ਼ੇਜ਼ ਨੰਬਰ 8 ਵਿਚ ਸਥਿਤ ਪੀਐਸਪੀਸੀਐਲ ਰੈਸਟ ਹਾਊਸ ਵਿਚ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਲਈ ਤਲਬ ਕੀਤਾ ਹੈ | ਜ਼ਿਕਰਯੋਗ ਹੈ ਕਿ ਉਕਤ ਮਾਮਲੇ ਦੇ ਵਿਵਾਦ ਦੇ ਚਲਦਿਆਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਚੁੱਕੇ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਨੇ ਵੀ ਪਿਛਲੇ ਸਾਲ 16 ਨਵੰਬਰ ਨੂੰ  ਉਕਤ ਮਾਮਲੇ ਵਿਚ ਸ. ਬਾਦਲ ਤੋਂ ਪੁੱਛਗਿੱਛ ਕੀਤੀ ਸੀ | ਬੇਅਦਬੀ ਅਤੇ ਗੋਲੀਕਾਂਡ ਮਾਮਲੇ ਵਿਚ ਸਰਕਾਰ 'ਤੇ ਵਧਦੇ ਦਬਾਅ ਦੇ ਚਲਦਿਆਂ ਹਾਈ ਕੋਰਟ ਦੇ ਆਦੇਸ਼ਾਂ 'ਤੇ ਬਣੀ ਉਕਤ ਐਸਆਈਟੀ ਵਲੋਂ ਅਪਣਾ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ ਹੋਇਆ ਹੈ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ, ਮੁਅੱਤਲ ਚਲ ਰਹੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਸਮੇਤ ਕੁੱਝ ਮੁਲਜ਼ਮ ਪੁਲਿਸ ਅਫ਼ਸਰਾਂ ਅਤੇ ਕਈ ਚਸ਼ਮਦੀਦ ਗਵਾਹਾ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ | 
ਜ਼ਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਪ੍ਰਗਟਾਵਾ ਕੀਤਾ ਸੀ ਕਿ ਕਤਲ ਅਤੇ ਬਲਾਤਕਾਰ ਦੇ ਦੋਸ਼ਾਂ ਦੀ ਜੇਲ ਵਿਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਨੂੰ  ਅਕਾਲ ਤਖ਼ਤ ਤੋਂ ਬਿਨ ਮੰਗੀ ਮਾਫ਼ੀ ਦਿਵਾਉਣ ਲਈ ਸ. ਬਾਦਲ ਨੇ ਅਕਾਲ ਤਖ਼ਤ ਦੇ ਜਥੇਦਾਰ 
ਗਿਆਨੀ ਗੁਰਬਚਨ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ  ਅਪਣੀ ਰਿਹਾਇਸ਼ 'ਤੇ ਤਲਬ ਕਰ ਕੇ ਸੌਦਾ ਸਾਧ ਨੂੰ  ਮਾਫ਼ੀ ਦੇਣ ਦਾ ਆਦੇਸ਼ ਦਿਤਾ | ਜਦੋਂ ਸਿੱਖਾਂ ਨੇ ਰੋਸ ਪ੍ਰਗਟਾਇਆ ਤਾਂ ਸ਼ੋ੍ਰਮਣੀ ਕਮੇਟੀ ਨੇ ਮਾਫ਼ੀ ਦੇ ਫ਼ੈਸਲੇ ਨੂੰ  ਸਹੀ ਠਹਿਰਾਉਣ ਲਈ ਲਗਭਗ 93 ਲੱਖ ਰੁਪਏ ਦੇ ਅਖ਼ਬਾਰਾਂ ਵਿਚ ਇਸ਼ਤਿਹਾਰ ਦਿਤੇ | ਭਾਵੇਂ ਸੌਦਾ ਸਾਧ ਨੂੰ  ਮਾਫ ਕਰਨ ਦਾ ਫ਼ੈਸਲਾ ਵਾਪਸ ਲੈ ਲਿਆ ਗਿਆ ਪਰ ਸੰਗਤਾਂ ਵਿਚ ਬਾਦਲ ਪ੍ਰਵਾਰ ਪ੍ਰਤੀ ਗੁੱਸਾ ਅੱਜ ਵੀ ਬਰਕਰਾਰ ਹੈ | ਉਸ ਸਮੇਂ ਬਾਦਲਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਦਾ ਵਿਰੋਧ ਕਰਨ ਵਾਲੀ ਕੋਈ ਕਸਰ ਬਾਕੀ ਨਹੀਂ ਸੀ ਛੱਡੀ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿਚ ਐਸਆਈਟੀ ਵਲੋਂ ਦੋ ਮਹੀਨਿਆਂ ਦੇ ਅੰਦਰ-ਅੰਦਰ ਚਲਾਨ ਪੇਸ਼ ਕਰ ਦਿਤਾ ਜਾਵੇਗਾ |