ਅਕਾਲੀ ਸਰਪੰਚ ਵਲੋਂ ਕਾਂਗਰਸੀਆਂ 'ਤੇ ਵਿਕਾਸ ਕਾਰਜਾਂ 'ਚ ਰੁਕਾਵਟ ਪਾਉਣ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਲਕਾ ਸਾਹਨੇਵਾਲ ਦੇ ਪਿੰਡ ਜੰਡਿਆਲੀ ਵਿਖੇ ਕੁਝ ਦਿਨ ਪਹਿਲਾਂ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਪਾਈਪਾਂ...

Pending Work in Sahnewal

ਮਾਛੀਵਾੜਾ,  ਹਲਕਾ ਸਾਹਨੇਵਾਲ ਦੇ ਪਿੰਡ ਜੰਡਿਆਲੀ ਵਿਖੇ ਕੁਝ ਦਿਨ ਪਹਿਲਾਂ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਪਾਈਪਾਂ ਪਾਉਣ ਦਾ ਉਦਘਾਟਨ ਕੀਤਾ ਸੀ ਅਤੇ ਇਹ ਪਿੰਡ ਦਾ ਗੰਦਾ ਪਾਣੀ ਟਰੀਟਮੈਂਟ ਪਲਾਂਟ ਵਿਚ ਪਾਇਆ ਜਾਣਾ ਸੀ। ਇਸ ਉਦਘਾਟਨ ਤੋਂ ਬਾਅਦ ਪਿੰਡ ਦਾ ਪੰਚਾਇਤ ਸਕੱਤਰ ਤਬਾਦਲੇ ਕੀਤੇ ਜਾਣ 'ਤੇ ਸਰਪੰਚ ਧਰਮਜੀਤ ਸਿੰਘ ਗਿੱਲ ਨੇ ਦੋਸ਼ ਲਗਾਇਆ ਕਿ ਕਾਂਗਰਸ ਜਾਣਬੁੱਝ ਕੇ ਵਿਕਾਸ ਕਾਰਜ਼ਾਂ ਵਿਚ ਰੁਕਾਵਟ ਪਾ ਰਹੀ ਹੈ ਜਿਸ ਦਾ ਖੁਮਿਆਜ਼ਾ ਸਾਰੇ ਪਿੰਡ ਨੂੰ ਭੁਗਤਨਾ ਪਵੇਗਾ।

ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਧਰਮਜੀਤ ਸਿੰਘ ਗਿੱਲ ਤੇ ਪੰਚਾਇਤ ਮੈਂਬਰਾਂ ਨੇ ਦਸਿਆ ਕਿ ਉਨ੍ਹਾਂ ਦੀ ਪਿੰਡ ਦੀ ਅਕਾਲੀ ਪੱਖੀ ਪੰਚਾਇਤ ਹੈ ਅਤੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਪਿੰਡ ਦੇ ਟੋਭਿਆਂ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪਾਂ ਪਾਉਣ ਵਾਸਤੇ 5 ਲੱਖ ਰੁਪਏ ਦੀ ਗ੍ਰਾਂਟ ਦਿਤੀ ਸੀ ਜਿਸ 'ਤੇ ਪੰਚਾਇਤ ਨੇ ਪਾਈਪਾਂ ਖਰੀਦ ਕੇ ਕੰਮ ਵੀ ਸ਼ੁਰੂ ਕਰਵਾ ਦਿਤਾ ਸੀ। 

ਸਰਪੰਚ ਗਿੱਲ ਨੇ ਕਿਹਾ ਕਿ ਅਕਾਲੀ ਵਿਧਾਇਕ ਦੇ ਉਦਘਾਟਨ ਤੋਂ ਬਾਅਦ ਹੀ ਕਾਂਗਰਸੀਆਂ ਨੇ ਇਸ ਵਿਚ ਰੁਕਾਵਟਾਂ ਪਾਉਣ ਦੀਆਂ ਕੋਝੀਆਂ ਸਾਜਿਸ਼ਾਂ ਸ਼ੁਰੂ ਕਰ ਦਿਤੀਆਂ ਅਤੇ ਇਸੇ ਤਹਿਤ ਪਿੰਡ ਦੇ ਪੰਚਾਇਤ ਸਕੱਤਰ ਦਾ ਤਬਾਦਲਾ ਕਰ ਦਿਤਾ ਅਤੇ ਉਸ ਦੀ ਜਗ੍ਹਾ ਹੋਰ ਕੋਈ ਪੰਚਾਇਤ ਸਕੱਤਰ ਨਾ ਲਗਾਇਆ, ਜਿਸ ਕਾਰਨ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਰੁਕ ਗਿਆ।  

ਪਿੰਡ ਜੰਡਿਆਲੀ ਦੀ ਪੰਚਾਇਤ ਨੇ ਪੰਚਾਇਤ ਵਿਭਾਗ ਦੇ ਉਚ ਅਧਿਕਾਰੀਆਂ ਤੇ ਸਰਕਾਰ ਤੋਂ ਮੰਗ ਕੀਤੀ ਕਿ ਕੁੱਝ ਹੀ ਦਿਨਾਂ 'ਚ ਪੰਚਾਇਤਾਂ ਭੰਗ ਹੋਣ ਵਾਲੀਆਂ ਹਨ ਇਸ ਲਈ ਜਲਦ ਤੋਂ ਜਲਦ ਜੰਡਿਆਲੀ ਦਾ ਨਵਾਂ ਪੰਚਾਇਤ ਸਕੱਤਰ ਲਗਾ ਕੇ ਗੰਦੇ ਪਾਣੀ ਦਾ ਰੁਕਿਆ ਕੰਮ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਸਾਰੇ ਪਿੰਡ ਨੂੰ ਇਸ ਦਾ ਲਾਭ ਹੋ ਸਕੇ।