ਬੀ.ਆਰ.ਟੀ.ਐਸ. ਪ੍ਰੋਜੈਕਟ ਦਾ ਸਿੱਧੂ ਨੇ ਲਿਆ ਜਾਇਜ਼ਾ
ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ਹਿਰ ਵਾਸੀਆਂ ਦੀ ਲੰਮੀ ਉਡੀਕ ਨੂੰ ਖਤਮ ਕਰਦੇ ਐਲਾਨ ਹੈ ਕੀਤਾ ਕਿ 15 ਅਕਤੂਬਰ ਨੂੰ ਬੀ. ਆਰ. ਟੀ. ਐਸ ਪ੍ਰਾਜੈਕਟ...
ਅੰਮ੍ਰਿਤਸਰ: ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ਹਿਰ ਵਾਸੀਆਂ ਦੀ ਲੰਮੀ ਉਡੀਕ ਨੂੰ ਖਤਮ ਕਰਦੇ ਐਲਾਨ ਹੈ ਕੀਤਾ ਕਿ 15 ਅਕਤੂਬਰ ਨੂੰ ਬੀ. ਆਰ. ਟੀ. ਐਸ ਪ੍ਰਾਜੈਕਟ ਦਾ ਮੁਕੰਮਲ ਉਦਘਾਟਨ ਕਰ ਦਿਤਾ ਜਾਵੇਗਾ। ਇਸ ਪ੍ਰਾਜੈਕਟ ਦੇ ਮੁੱਦੇ 'ਤੇ ਉਚ ਪੱਧਰੀ ਮੀਟਿੰਗ ਕਰਨ ਤੇ ਪ੍ਰਾਜੈਕਟ ਦਾ ਮੌਕੇ 'ਤੇ ਜਾ ਕੇ ਜਾਇਜ਼ਾ ਲੈਣ ਮਗਰੋਂ ਸਿੱਧੂ ਨੇ ਦਸਿਆ ਕਿ ਪਿਛਲੀ ਸਰਕਾਰ ਵਲੋਂ ਕਰੀਬ 500 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਇਸ ਪ੍ਰਾਜੈਕਟ ਨੂੰ ਲੀਹ 'ਤੇ ਪਾਉਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਝੰਡੀ ਦੇ ਦਿਤੀ ਸੀ ਤੇ ਅਸੀਂ ਸਾਰੇ ਇਸ ਨੂੰ ਸਫ਼ਲ ਕਰਨ ਲਈ ਪੂਰੀ ਵਾਹ ਲਾ ਰਹੇ ਹਾਂ।
ਉਨ੍ਹਾਂ ਅੱਜ ਦੀ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਹੈ ਕਿ ਪਹਿਲੇ ਤਿੰਨ ਮਹੀਨੇ ਇਹ ਬੱਸਾਂ ਸਾਰਿਆਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਦੇਣਗੀਆਂ ਤੇ ਸਕੂਲ ਵਿਦਿਆਰਥੀਆਂ ਨੂੰ ਇਹ ਸਹੂਲਤ ਸਦਾ ਵਾਸਤੇ ਜਾਰੀ ਰਹੇਗੀ। ਅੱਜ ਦੀ ਮੀਟਿੰਗ ਵਿਚ ਸਿੱਖਿਆ ਤੇ ਵਾਤਾਵਰਣ ਮੰਤਰੀ ਸ੍ਰੀ ਓ. ਪੀ. ਸੋਨੀ, ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਮੇਅਰ ਸ. ਕਰਮਜੀਤ ਸਿੰਘ ਰਿੰਟੂ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਸ੍ਰੀ ਅਨੁਰਿਧ ਤਿਵਾੜੀ, ਸ੍ਰੀ ਹੁਸਨ ਲਾਲ, ਪੁਲਿਸ ਕਮਿਸ਼ਨਰ ਸ੍ਰੀ ਐਸ. ਸ੍ਰੀਵਾਸਤਵਾ ਸ਼ਾਮਲ ਸਨ।
ਸ੍ਰੀ ਸੋਨੀ ਤੇ ਸ. ਔਜਲਾ ਨੇ ਪ੍ਰਾਜੈਕਟ ਵਿਚ ਕੁੱਝ ਜ਼ਰੂਰੀ ਤਬਦੀਲੀਆਂ ਕਰਨ ਦੇ ਸੁਝਾਅ ਦਿਤੇ, ਜਿਸ ਨਾਲ ਇਹ ਸਫ਼ਲਤਾ ਵੱਲ ਵੱਧ ਸਕੇ। ਸ. ਸਿੱਧੂ ਨੇ ਇੰਨਾਂ ਸੁਝਾਵਾਂ ਦਾ ਸਵਾਗਤ ਕਰਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਦੀ ਕਾਮਯਾਬੀ ਲਈ ਇਹ ਗੱਲਾਂ ਅਮਲ 'ਚ ਲਿਆਉਣ।