ਸਿਖਿਆ ਬੋਰਡ ਦੀਆਂ ਕਿਤਾਬਾਂ ਵੇਚਣ ਦੇ ਦੋਸ਼ ਹੇਠ ਮੁਲਾਜ਼ਮ 'ਤੇ ਪਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਵ ਸਿਖਿਆ ਅਭਿਆਨ ਤਹਿਤ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਵਿਦਿਆਰਥੀਆਂ ਲਈ ਮੁਫ਼ਤ ਜਾਰੀ ਕੀਤੀਆਂ ਕਿਤਾਬਾਂ ਨੂੰ ਵੇਚਣ ਸਮੇਂ ਲਿਜਾਉਣ ਵੇਲੇ ਪੁਲਿਸ....

Books

ਧੂਰੀ, ਸਰਵ ਸਿਖਿਆ ਅਭਿਆਨ ਤਹਿਤ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਵਿਦਿਆਰਥੀਆਂ ਲਈ ਮੁਫ਼ਤ ਜਾਰੀ ਕੀਤੀਆਂ ਕਿਤਾਬਾਂ ਨੂੰ ਵੇਚਣ ਸਮੇਂ ਲਿਜਾਉਣ ਵੇਲੇ ਪੁਲਿਸ ਵਲੋਂ ਫੜੇ ਜਾਣ ਦੀਆਂ ਚਰਚਾਵਾਂ ਭਾਵੇਂ ਬੀਤੀ ਰਾਤ ਤੋਂ ਪੂਰੇ ਇਲਾਕੇ ਅੰਦਰ ਹਨ ਪਰ ਇਸ ਸਬੰਧੀ ਅੱਜ ਥਾਣਾ ਸਿਟੀ ਧੂਰੀ ਵਿਖੇ ਦਰਜ ਹੋਏ ਮੁਕੱਦਮੇ ਅਨੁਸਾਰ ਪੁਲਿਸ ਨੂੰ ਇਨ੍ਹਾਂ ਕਿਤਾਬਾਂ ਦੇ ਵੇਚੇ ਜਾਣ ਦੀ ਇਤਲਾਹ ਹੀ ਅੱਜ ਦੁਪਹਿਰੇ ਮਿਲੀ ਸੀ।

ਭਾਵੇਂ ਪੱਤਰਕਾਰਾਂ ਵਲੋਂ ਇਨ੍ਹਾਂ ਕਿਤਾਬਾਂ ਦੀਆਂ ਫ਼ੋਟੋਆਂ ਅੱਜ ਸਵੇਰੇ ਹੀ ਥਾਣੇ ਅੰਦਰ ਖਿੱਚੀਆਂ ਗਈਆਂ ਸਨ ਅਤੇ ਸਥਾਨਕ ਸਿੱਖਿਆ ਅਧਿਕਾਰੀ ਅਤੇ ਥਾਣਾ ਸਿਟੀ ਧੂਰੀ ਦੇ ਮੁਖੀ ਇਸ ਮਾਮਲੇ ਬਾਰੇ ਦੁਪਹਿਰ ਤਕ ਕੁੱਝ ਵੀ ਸਪਸ਼ਟ ਨਹੀਂ ਦੱਸ ਰਹੇ ਸਨ। ਜਿਸ ਤੋਂ ਪੱਤਰਕਾਰਾਂ ਵਲੋਂ ਇਸ ਸਬੰਧੀ ਸਿਖਿਆ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਦਿਤਾ ਗਿਆ ਸੀ।

ਜਿਸ ਤੋਂ ਬਾਅਦ ਦੁਪਹਿਰੇ ਪੁਲਿਸ ਵਲੋਂ ਦਰਜ ਕੀਤੇ ਗਏ ਮੁਕੱਦਮੇ ਅਨੁਸਾਰ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਅੱਜ ਦੁਪਹਿਰ ਕਰੀਬ 2.20 'ਤੇ ਕੱਕੜਵਾਲ ਚੌਕ ਵਿਖੇ ਮੌਜੂਦ ਸੀ ਅਤੇ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਅਮਨਜੀਤ ਸਿੰਘ ਉਰਫ਼ ਬੱਬੂ ਪੁੱਤਰ ਜਸਵਿੰਦਰ ਸਿੰਘ ਵਾਸੀ ਸੋਹੀਆ ਰੋਡ, ਸੰਗਰੂਰ ਜੋ ਕਿ ਬੀ. ਪੀ. ਈ. ਓ. ਦਫ਼ਤਰ ਧੂਰੀ ਵਿਖੇ ਬਤੌਰ ਕੰਪਿਊਟਰ ਆਪਰੇਟਰ ਕੰਮ ਕਰਦਾ ਹੈ ਅਤੇ ਇਸ ਦਫ਼ਤਰ ਦੇ ਸਟੋਰ ਦਾ ਚਾਰਜ ਵੀ ਇਸ ਪਾਸ ਹੈ। 

ਸਰਵ ਸਿਖਿਆ ਅਭਿਆਨ ਵਲੋਂ ਸਿਖਿਆ ਬੋਰਡ ਦੀਆਂ ਕਿਤਾਬਾਂ ਬਲਾਕ ਦੇ ਸਕੂਲਾਂ ਵਿਚ ਵੰਡਣ ਲਈ ਬੀ.ਪੀ.ਈ.ਓ. ਦਫ਼ਤਰ ਭੇਜੀਆਂ ਜਾਂਦੀਆਂ ਹਨ ਅਤੇ ਉਕਤ ਅਮਨਜੀਤ ਸਿੰਘ ਇਨ੍ਹਾਂ ਕਿਤਾਬਾਂ ਨੂੰ ਟੈਂਪੂ 'ਚ ਭਰ ਕੇ ਵੇਚਣ ਲਈ ਜਾ ਰਿਹਾ ਹੈ ਅਤੇ ਜੇਕਰ ਇਸ ਨੂੰ ਮੌਕਾ ਪਰ ਕਾਬੂ ਕੀਤਾ ਜਾਵੇ ਤਾਂ ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਕਿਤਾਬਾਂ ਸਮੇਤ ਕਾਬੂ ਕੀਤਾ ਜਾ ਸਕਦਾ ਹੈ। 

ਇਤਲਾਹ ਭਰੋਸੇਯੋਗ ਹੋਣ 'ਤੇ ਪੁਲਸ ਵਲੋਂ ਅਮਨਜੀਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਮੁਕੱਦਮੇ 'ਚ ਦੋਸ਼ੀ ਜਾਂ ਕਿਤਾਬਾਂ ਫੜੇ ਜਾਣ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ। ਜਦੋਂ ਕਿ ਪੁਲਿਸ ਵਲੋਂ ਰਾਤ ਨੂੰ ਹੀ ਕਿਤਾਬਾਂ ਫੜੀਆਂ ਗਈਆਂ ਸਨ ਅਤੇ ਪੱਤਰਕਾਰਾਂ ਵਲੋਂ ਕਰੀਬ ਦੁਪਹਿਰ 12 ਵਜੇ ਇਨ੍ਹਾਂ ਕਿਤਾਬਾਂ ਸਬੰਧੀ ਸਿਖਿਆ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਜਾਣੂ ਕਰਾਇਆ ਗਿਆ ਸੀ। ਜਦੋਂ ਇਸ ਸਬੰਧੀ ਥਾਣਾ ਸਿਟੀ ਧੂਰੀ ਦੇ ਐਸ.ਐਚ.ਓ ਬਲਜਿੰਦਰ ਸਿੰਘ ਪਨੂੰ ਨਾਲ ਫ਼ੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪੈੱ੍ਰਸ ਕਾਨਫ਼ਰੰਸ ਕਰ ਕੇ ਪੈੱ੍ਰਸ ਨੂੰ ਪੂਰੀ ਜਾਣਕਾਰੀ ਜਲਦੀ ਹੀ ਦੇਣਗੇ।