‘ਆਪ’ ਨੇ ਪੰਜਾਬ ਚੋਣਾਂ ਦੀ ਰਣਨੀਤੀ ’ਤੇ ਸ਼ੁਰੂ ਕੀਤਾ ਕੰਮ : ਜਰਨੈਲ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਆਪ’ ਨੇ ਪੰਜਾਬ ਵਿਚ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਬਣਾਉਣ ਲਈ ਕੰਮ ਸ਼ੁਰੂ

AAP

ਚੰਡੀਗੜ੍ਹ, 13 ਜੁਲਾਈ (ਗੁਰਉਪਦੇਸ਼ ਭੁੱਲਰ): ‘ਆਪ’ ਨੇ ਪੰਜਾਬ ਵਿਚ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਬਣਾਉਣ ਲਈ ਕੰਮ ਸ਼ੁਰੂ ਕਰ ਦਿਤਾ ਹੈ ਅਤੇ ਇਸ ਬਾਰੇ ਪਿਛਲੇ ਦਿਨੀਂ ਚੰਡੀਗੜ੍ਹ ਵਿਚ ਹੋਈ ਦੋ ਦਿਨ ਦੀ ਮੀਟਿੰਗ ਵਿਚ ਮੁਢਲਾ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਜਾਣਕਾਰੀ ‘ਆਪ’ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਅੱਜ ਇਥੇ ਪਹੁੰਚਣ ’ਤੇ ਵਿਸ਼ੇਸ਼ ਗੱਲਬਾਤ ਵਿਚ ਦਿਤੀ।

ਉਨ੍ਹਾਂ ਕਿਹਾ ਕਿ ਹੁਣ ਇਸ ਤੋਂ ਬਾਅਦ ਪਾਰਟੀ ਲੀਡਰਸ਼ਿਪ ਦੀਆਂ ਲਗਾਤਾਰ ਮੀਟਿੰਗਾਂ ਤੇ ਮੀਟਿੰਗਾਂ ਹੋਣਗੀਆਂ ਤਾਂ ਜੋ ਸਮੇਂ ਸਿਰ ਚੋਣ ਰਣਨੀਤੀ ਤੈਅ ਹੋ ਸਕੇ। ਇਸ ਤੋਂ ਬਾਅਦ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਸਕਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਉਮੀਦਵਾਰ ਬਾਰੇ ਹਾਲੇ ਕੋਈ ਚਰਚਾ ਨਹੀਂ ਹੋਈ ਪਰ ਚੋਣਾਂ ਦੇ ਐਲਾਨ ਤੋਂ ਪਹਿਲਾਂ ਸਮੇਂ ਮੁਤਾਬਕ ਫ਼ੈਸਲਾ ਕਰ ਲਿਆ ਜਾਵੇਗਾ।

ਉਨ੍ਹਾਂ ਚੋਣ ਮੁੱÎਦਿਆਂ ਬਾਰੇ ਕਿਹਾ ਕਿ ਭਾਵੇਂ ਵਿਕਾਸ ਦਾ ਮੁੱਦਾ ਤਾਂ ਮੁੱਖ ਰਹੇਗਾ ਹੀ ਪਰ ਬਾਕੀ ਪਹਿਲੇ ਮੁੱਦੇ ਵੀ ਬਰਕਰਾਰ ਹਨ। ਇਨ੍ਹਾਂ ਵਿਚ ਨਸ਼ੇ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਨੌਜਵਾਨਾਂ ਨੂੰ ਰੁਜ਼ਗਾਰ ਤੇ ਮਾਫ਼ੀਆ ਰਾਜ ਦੇ ਮੁੱਦੇ ਸ਼ਾਮਲ ਹਨ। ਨਵੇਂ ਬਣੇ ਅਕਾਲੀ ਦਲ ਨਾਲ ਗਠਜੋੜ ਬਾਰੇ ਪੁਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਹਾਲੇ ਕਿਸੇ ਨਾਲ ਗਠਜੋੜ ਕਰਨ ਦੀ ਜਲਦਬਾਜ਼ੀ ਨਹੀਂ ਤੇ ਸਮਾਂ ਆਉਣ ’ਤੇ ਸਥਿਤੀਆਂ ਮੁਤਾਬਕ ਅਜਿਹੇ ਫ਼ੈਸਲੇ ਕੀਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ‘ਆਪ’ ਨਾਲ ਤੇਜ਼ੀ ਨਾਲ ਜੁੜ ਰਹੇ ਹਨ ਤੇ ਉਹ ਕਾਂਗਰਸ ਤੇ ਅਕਾਲੀਆਂ ਤੋਂ ਨਿਰਾਸ਼ ਹਨ।

ਉਨ੍ਹਾਂ ਬਰਗਾੜੀ ਤੇ ਬਹਿਬਲ ਕਲਾਂ ਬੇਅਦਬੀ ਮਾਮਲਿਆਂ ਬਾਰੇ ਪੁਛੇ ਜਾਣ ’ਤੇ ਕਿਹਾ ਕਿ ਜਦੋਂ ਵੀ ਜਾਂਚ ਮੁੱਖ ਦੋਸ਼ੀਆਂ ਦੇ ਗਲ ਨੂੰ ਹੱਥ ਪਾਉਣ ਤਕ ਪਹੁੰਚਦੀ ਹੈ ਤਾਂ ਇਸ ਵਿਚ ਰੁਕਾਵਟਾਂ ਪਾਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੁਣ ਸੀ.ਬੀ.ਆਈ ਬਾਦਲਾਂ ਨੂੰ ਬਚਾਉਣ ਲਈ ਅੜਿੱਕਾ ਪਾ ਰਹੀ ਹੈ। ਇਸ ਤੋਂ ਪਹਿਲਾਂ ਦੋ ਵੱਖ ਵੱਖ ਸਿੱਟਾਂ ਦੀ ਜਾਚ ਵੀ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੀ ਮੁੱਖ ਦੋਸ਼ੀਆਂ ਵਿਰੁਧ ਗੰਭੀਰ ਨਹੀਂ ਤੇ ਮਾਮਲੇ ਨੂੰ ਜਾਂਚਾਂ ਤੇ ਕੋਰਟਾਂ ਵਿਚ ਉਲਝਾਈ ਰੱਖਣਾ ਚਾਹੁੰਦੀ ਹੈ।