ਮਨਪ੍ਰੀਤ ਬਾਦਲ ਨੇ ਕੇਂਦਰੀ ਮੰਤਰੀ ਤੋਂ ਬਠਿੰਡਾ ਵਿਚ ਫ਼ਾਰਮਾਸਿਊਟੀਕਲ ਪਾਰਕ ਸਥਾਪਤ ਕਰਨ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਰਸਾਇਣ ਅਤੇ ਖਾਦਾਂ ਬਾਰੇ ਕੇਂਦਰੀ

Manpreet Badal

ਬਠਿੰਡਾ, 13 ਜੁਲਾਈ (ਸੁਖਜਿੰਦਰ ਮਾਨ/ਸੁਖਰਾਜ ਸਿੰਘ) : ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਰਸਾਇਣ ਅਤੇ ਖਾਦਾਂ ਬਾਰੇ ਕੇਂਦਰੀ ਮੰਤਰੀ ਸ੍ਰੀ ਡੀ.ਵੀ. ਸਦਾਨੰਦ ਗੌੜਾ ਨਾਲ ਮੁਲਾਕਾਤ ਕਰ ਕੇ ਬਠਿੰਡਾ ਵਿਚ ਕੌਮੀ ਪੱਧਰ ਦਾ ਫ਼ਾਰਮਾਸਿਊਟੀਕਲ ਪਾਰਕ ਸਥਾਪਤ ਕਰਨ ਦੀ ਮੰਗ ਕੀਤੀ। ਵਿੱਤ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਦਸਿਆ ਕਿ ਫ਼ਾਰਮਾਸਿਊਟੀਕਲ ਪਾਰਕ ਦੀ ਸਥਾਪਤੀ ਲਈ ਬਠਿੰਡਾ ਬਿਲਕੁਲ ਢੁਕਵਾਂ ਸਥਾਨ ਹੈ ਅਤੇ ਇਸ ਵਾਸਤੇ 1350 ਏਕੜ ਜ਼ਮੀਨ ਤਿਆਰ ਰੂਪ ’ਚ ਉਪਲੱਬਧ ਹੈ। ਇਹ ਜ਼ਮੀਨ ਬੰਦ ਪਏ ਬਠਿੰਡਾ ਥਰਮਲ ਪਲਾਂਟ ਦੀ ਹੈ।

ਇਸ ਤੋਂ ਇਲਾਵਾ ਇਸ ਜਗ੍ਹਾ ਨੇੜੇ ਚਾਲੂ ਰੇਲਵੇ ਲਾਈਨ ਅਤੇ ਬੁਨਿਆਦੀ ਢਾਂਚਾ ਉਪਲੱਬਧ ਹੈ, ਜੋ ਫ਼ਾਰਮਾ ਉਦਯੋਗ ਲਈ ਢੋਆ-ਢੁਆਈ ਅਤੇ ਕੱਚੇ ਮਾਲ ਦੀ ਸਪਲਾਈ ਲਈ ਲਾਭਦਾਇਕ ਹੋਵੇਗੀ। ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ ਇਸ ਮਾਮਲੇ ਨੂੰ ਰੱਖਣ ਲਈ ਮੌਕਾ ਦੇਣ ਵਾਸਤੇ ਤੁਰਤ ਹਾਂ-ਪੱਖੀ ਹੁੰਗਾਰਾ ਭਰਨ ਲਈ ਸ੍ਰੀ ਗੌੜਾ ਦਾ ਧਨਵਾਦ ਕੀਤਾ। ਕੇਂਦਰ ਸਰਕਾਰ ਵਲੋਂ ਦੇਸ਼ ਅੰਦਰ ਤਿੰਨ ਫ਼ਾਰਮਾਸਿਊਟੀਕਲ ਪਾਰਕਾਂ ਦੀ ਸਥਾਪਤੀ ਲਈ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ। ਵਿੱਤ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਇਸ ਜਗ੍ਹਾ ਦੇ ਦੌਰੇ ਲਈ ਇਕ ਟੀਮ ਭੇਜਣ ਲਈ ਵੀ ਬੇਨਤੀ ਕੀਤੀ।

 ਸ. ਮਨਪ੍ਰੀਤ ਬਾਦਲ ਨੇ ਦਸਿਆ ਕਿ ਬਠਿੰਡਾ ਵਿਚ ਪ੍ਰਸਤਾਵਿਤ ਪਾਰਕ, ਦਿੱਲੀ ਦੇ ਪੂਰੇ ਉਤਰੀ ਖੇਤਰ ਤੋਂ ਲੈ ਕੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਗੁਆਂਢੀ ਸੂਬੇ ਰਾਜਸਥਾਨ ਅਤੇ ਇਥੋਂ ਤਕ ਕਿ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਦੀਆਂ ਲੋੜਾਂ ਨੂੰ ਪੂਰਾ ਕਰ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚ ਫ਼ਾਰਮਾ ਉਦਯੋਗ ਲਈ ਸਾਜ਼ਗਾਰ ਮਾਹੌਲ ਹੈ ਕਿਉਂਕਿ ਯੂ.ਐਸ.ਐਫ.ਡੀ.ਏ. ਦੁਆਰਾ ਪ੍ਰਵਾਨਿਤ ਕੁੱਝ ਵੱਡੀਆਂ ਫ਼ਾਰਮਾਸਿਊਟੀਕਲ ਕੰਪਨੀਆਂ ਜਿਵੇਂ ਸਨ ਫ਼ਾਰਮਾ, ਸੈਂਟਰੀਐਂਟ ਅਤੇ ਆਈ.ਓ.ਐਲ. ਕੈਮੀਕਲਜ਼ ਪੰਜਾਬ ਵਿਚ ਪਹਿਲਾਂ ਹੀ ਸਥਾਪਤ ਹਨ।

ਉਨ੍ਹਾਂ ਕਿਹਾ ਕਿ ਨਾਈਪਰ (ਐਨ.ਆਈ.ਪੀ.ਈ.ਆਰ.), ਆਈਸਰ (ਆਈ. ਆਈ. ਐਸ.ਈ. ਆਰ.), ਇੰਸਟੀਚਿਊਟ ਆਫ਼ ਮਾਈਕ੍ਰੋਬਾਇਲ ਰਿਸਰਚ, ਇੰਸਟੀਚਿਊਟ ਆਫ਼ ਨੈਨੋ ਟੈਕਨਾਲੋਜੀ, ਅਤੇ ਏਮਸ ਵਰਗੇ ਇੰਸਟੀਚਿਊਟਸ ਦੀ ਮੌਜੂਦਗੀ ਨਾਲ ਪੰਜਾਬ ਢੁੱਕਵੇਂ ਮਾਹੌਲ ਵਾਲਾ ਸੰਭਾਵਨਾਵਾਂ ਭਰਭੂਰ ਸੂਬਾ ਹੈ ਅਤੇ ਇਹ ਪੰਜਾਬ ਵਿਚ ਕਾਰੋਬਾਰ ਸਥਾਪਤ ਕਰਨ ਦੀਆਂ ਚਾਹਵਾਨ ਕੰਪਨੀਆਂ ਲਈ ਕਾਫੀ ਲਾਭਕਾਰੀ ਸਿੱਧ ਹੋਵੇਗਾ। ਪੰਜਾਬ ਦੇ ਵਿੱਤ ਮੰਤਰੀ ਨੇ ਸ੍ਰੀ ਗੌੜਾ ਨੂੰ ਦਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਨੂੰ ਬਠਿੰਡਾ ਥਰਮਲ ਪਲਾਂਟ ਤੋਹਫ਼ੇ ਵਿਚ ਮਿਲਿਆ ਸੀ।

ਹੁਣ ਜਦੋਂ ਪੂਰਾ ਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਿਹਾ ਹੈ ਤਾਂ ਇਸ ਮੌਕੇ ਫ਼ਾਰਮਾਸਿਊਟੀਕਲ ਪਾਰਕ ਸਥਾਪਤ ਕਰਨਾ ਗੁਰੂ ਸਾਹਿਬ ਨੂੰ ਢੁਕਵੀਂ ਸ਼ਰਧਾਂਜਲੀ ਹੋਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਹ ਉਨ੍ਹਾਂ ਨੂੰ ਇਕ ਨਿਮਾਣੀ ਸ਼ਰਧਾਂਜਲੀ ਹੋਵੇਗੀ। ਇਸ ਤੋਂ ਬਾਅਦ ਸ. ਬਾਦਲ ਨੇ ਰਸਾਇਣ ਅਤੇ ਖਾਦਾਂ ਬਾਰੇ ਕੇਂਦਰੀ ਰਾਜ ਮੰਤਰੀ ਸ੍ਰੀ ਮਨਸੁਖ ਐਲ. ਮਾਂਡਵੀਆ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨਾਲ ਭਵਿੱਖੀ ਪ੍ਰਾਜੈਕਟਾਂ ਲਈ ਰੂਪ-ਰੇਖਾ ਉਲੀਕਣ ਤੋਂ ਇਲਾਵਾ ਪੰਜਾਬ ਨਾਲ ਸਬੰਧਤ ਵੱਖ ਵੱਖ ਮੁੱÎਦਿਆਂ ’ਤੇ ਚਰਚਾ ਕੀਤੀ।