ਮੋਤੀ ਮਹਿਲ ਦਾ ਘਿਰਾਉ ਕਰਨ ਜਾ ਰਹੇ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਉ ਕਰਨ ਲਈ ਸੂਬੇ ਭਰ ’ਚੋਂ ਅੱਜ ਬਾਰਾਂਦਰੀ ਵਿਖੇ ਇਕੱਤਰ

File Photo

ਪਟਿਆਲਾ, 13 ਜੁਲਾਈ (ਤੇਜਿੰਦਰ ਫ਼ਤਿਹਪੁਰ) : ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਉ ਕਰਨ ਲਈ ਸੂਬੇ ਭਰ ’ਚੋਂ ਅੱਜ ਬਾਰਾਂਦਰੀ ਵਿਖੇ ਇਕੱਤਰ ਹੋਏ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸਿਹਤ ਵਿਭਾਗ ’ਚ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਭਰਤੀਆਂ ਲਈ ਸੰਘਰਸ਼ ਕਰਦੇ ਆ ਰਹੇ ਹਨ ਪਰ ਇਸ ਵਾਰ ਸਰਕਾਰ ਵਲੋਂ ਸਿਰਫ਼ 200 ਪੋਸਟਾਂ ਹੀ ਖੋਲ੍ਹੀਆਂ ਗਈਆਂ ਹਨ

ਪਰ ਦੂਸਰੇ ਪਾਸੇ 4000 ਦੇ ਕਰੀਬ ਮਲਟੀ ਪਰਪਜ਼ ਹੈਲਥ ਵਰਕਰ ਭਰਤੀ ਦੀ ਉਡੀਕ ਕਰ ਰਹੇ ਹਨ।  ਉਨ੍ਹਾਂ ਦੀ ਮੰਗ ਹੈ ਕਿ ਪਹਿਲਾਂ ਪ੍ਰਵਾਨ ਹੋਈਆਂ ਵਰਕਰ ਮੇਲ ਦੀਆਂ 305 ਅਤੇ 200 ਤਾਜ਼ਾ ਪ੍ਰਵਾਨ ਹੋਈਆਂ ਅਸਾਮੀਆਂ ਕੁੱਲ 505 ਦਾ ਤੁਰਤ ਇਸ਼ਤਿਹਾਰ ਜਾਰੀ ਕੀਤਾ ਜਾਵੇ। ਏਐਨਐਮ ਦੀਆਂ 600 ਅਸਾਮੀਆਂ ਵਰਕਰ ਪੁਰਸ਼ ਦੀਆਂ 2000 ਅਸਾਮੀਆਂ ਉਤੇ ਭਰਤੀ ਕੀਤੀ ਜਾਵੇ, ਸਰਕਾਰੀ ਹਸਪਤਾਲਾਂ ’ਚ ਖਾਲੀ ਮਲਟੀਪਰਪਜ਼ ਹੈਲਥ ਵਰਕਰ ਪੁਰਸ਼ ਤੇ ਔਰਤਾਂ ਦੀਆਂ ਸਾਰੀਆਂ ਅਸਾਮੀਆਂ ਰੈਗੂਲਰ ਅਤੇ ਉਮਰ ਹੱਦ ’ਚ ਰਾਜਸਥਨ, ਹਿਮਾਚਲ, ਹਰਿਆਣਾ ਵਾਂਗ ਪੰਜ ਸਾਲ ਛੋਟ ਦੇ ਕੇ ਭਰੀਆਂ ਜਾਣ, ਪਿਛਲੀ ਭਰਤੀ ਵਾਂਗ ਹੀ ਭਰਤੀ ਲਈ ਲਿਖਤੀ ਪ੍ਰੀਖਿਆ ਪੰਜਾਬੀ ਵਿਚ ਅਤੇ ਮੁੱਢਲੀ ਯੋਗਤਾ 10ਵੀਂ ਪਾਸ ਅਨੁਸਾਰ ਹੀ ਕਰਵਾਈ ਜਾਵੇ।

ਵਿਸ਼ਵ ਸਿਹਤ ਸੰਸਥਾ ਦੇ ਆਦੇਸ਼ਾਂ ਅਨੁਸਾਰ 3 ਹਜ਼ਾਰ ਜਨਸੰਖਿਆ ਦੀ ਆਬਾਦੀ ਪਿੱਛੇ ਇਕ ਵਰਕਰ ਪੁਰਸ਼ ਅਤੇ ਇਕ ਮਹਿਲਾ ਦੀ ਨਿਯੁਕਤੀ ਯਕੀਨੀ ਬਣਾਈ ਜਾਵੇ। ਵਿਭਾਗ ਅੰਦਰ ਕੰਮ ਕਰਦੇ 1263 ਹੈਲਥ ਵਰਕਰਾਂ ਦਾ ਪਰਖ ਕਾਲ ਤੁਰਤ ਖ਼ਤਮ ਕਰ ਕੇ ਪੂਰੀ ਤਨਖ਼ਾਹ ਉਤੇ ਤੁਰਤ ਰੈਗੂਲਰ ਕੀਤਾ ਜਾਵੇ। ਆਬਾਦੀ ਮੁਤਾਬਕ ਹੋਰ ਪੈਦਾ ਹੋਣ ਵਾਲੀਆਂ ਸਿਹਤ ਵਰਕਰ ਮੇਲ ਅਤੇ ਫੀਮੇਲ ਦੀਆਂ ਅਸਾਮੀਆਂ ਨੂੰ ਮਨਜ਼ੂਰੀ ਦਿਤੀ ਜਾਵੇ। ਭਰਤੀ ਪ੍ਰਕਿਰਿਆ ਨੂੰ ਨਿਰਧਾਰਤ ਦਿਨਾਂ ’ਚ ਪੂਰਾ ਕੀਤਾ ਜਾਵੇ। ਨਿਜੀਕਰਨ ਦੀ ਨੀਤੀ ਬੰਦ ਕੀਤੀ ਜਾਵੇ। ਸਰਕਾਰੀ ਹਸਪਤਾਲਾਂ ਵਿਚ ਲੋੜੀਂਦੀਆਂ ਸਿਹਤ ਸਹੂਲਤਾਂ ਮੁਹੱਈਆ ਕੀਤੀਆਂ ਜਾਣ। ਜਾਰੀ ਹੋਣ ਵਾਲੇ ਇਸ਼ਤਿਹਾਰ ਨੂੰ ਕਾਨੂੰਨੀ ਨੁਕਤੇ ਵਿਚਾਰ ਕੇ ਅਤੇ ਕੱਟ ਆਫ਼ ਬਾਰੇ ਕਾਨੂੰਨੀ ਸੁਝਾਅ ਲੈ ਕੇ ਕੀਤਾ ਜਾਵੇ ਤਾਂ ਜੋ ਮਸਲਾ ਅਦਾਲਤਾਂ ’ਚ ਨਾ ਲਟਕੇ।