ਮੋਦੀਖ਼ਾਨਾ ਦੀ ਤਰਜ਼ ’ਤੇ ਪਿਛਲੇ 45 ਸਾਲ ਤੋਂ ਨਿਰਸਵਾਰਥ ਡਾਕਟਰ ਸੁਦੇਸ਼ ਕੁਮਾਰ ਕਰ ਰਿਹਾ ਹੈ ਲੋਕਾਂ,..

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਮਹੀਨੇ ਲੁਧਿਆਣਾ ਤੋਂ ਬਲਜਿੰਦਰ ਸਿੰਘ ਜਿੰਦੂ ਨਾਮੀ ਵਿਅਕਤੀ ਵਲੋਂ ਬਾਬੇ ਨਾਨਕ ਦੇ ਨਾਮ ’ਤੇ

File Photo

ਚੰਡੀਗੜ੍ਹ, 13 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪਿਛਲੇ ਮਹੀਨੇ ਲੁਧਿਆਣਾ ਤੋਂ ਬਲਜਿੰਦਰ ਸਿੰਘ ਜਿੰਦੂ ਨਾਮੀ ਵਿਅਕਤੀ ਵਲੋਂ ਬਾਬੇ ਨਾਨਕ ਦੇ ਨਾਮ ’ਤੇ ਮੋਦੀਖਾਨਾ ਖੋਲ੍ਹ ਕੇ ਮੈਡੀਕਲ ਸਟੋਰ ਰਾਹੀਂ ਲੋਕਾਂ ਨੂੰ ਕੰਟਰੋਲ ਰੇਟ ’ਤੇ ਦਿਤੀਆਂ ਜਾ ਰਹੀਆਂ ਦਵਾਈਆਂ ਤੋਂ ਬਾਅਦ ਜਿਥੇ ਪੂਰੇ ਪੰਜਾਬ ਵਿਚ ਇਕ ਮੋਦੀਖਾਨਾ ਨਾਮ ਦੀ ਲਹਿਰ ਸਥਾਪਤ ਹੋ ਗਈ ਅਤੇ ਜਾਗਦੀ ਜ਼ਮੀਰ ਵਾਲੇ ਮੈਡੀਕਲ ਸਟੋਰਾਂ ਦੇ ਮਾਲਕਾਂ ਨੇ ਕੰਟਰੋਲ ਰੇਟ ’ਤੇ ਲੋਕਾਂ ਨੂੰ ਦਵਾਈਆਂ ਦੇਣ ਦਾ ਫ਼ੈਸਲਾ ਲਿਆ। ਉਥੇ ਹੀ ਇਕ ਅਜਿਹੀ ਸਖ਼ਸ਼ੀਅਤ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਸਮਝਦੇ ਹਾਂ ਕਿ ਅੰਮ੍ਰਿਤਸਰ ਤੋਂ ਥੋੜ੍ਹੀ ਦੂਰੀ ’ਤੇ ਵੱਸਦੇ ਮਜੀਠਾ ਕਸਬੇ ਵਿਚ ਇਕ ਐਮ.ਬੀ.ਬੀ.ਐਸ ਡਾਕਟਰ ਵਲੋਂ ਪਿਛਲੇ ਪੰਤਾਲੀ ਸਾਲ ਤੋਂ ਵਾਜਿਬ ਰੇਟਾਂ ਉਤੇ ਦਵਾਈਆਂ ਮੁਹੱਈਆ ਕਰਵਾ ਕਿ ਕਸਬੇ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 

ਇਸ ਸਬੰਧੀ ਜਦੋਂ ਸਪੋਕਸਮੈਨ ਦੀ ਟੀਮ ਨੇ ਮਜੀਠਾ ਕਸਬੇ ਦਾ ਦੌਰਾ ਕੀਤਾ ਤਾਂ ਲੋਕਾਂ ਵਿਚੋਂ ਸੁਣਨ ਨੂੰ ਮਿਲਿਆ ਕਿ ਡਾਕਟਰ ਸੁਦੇਸ਼ ਕੁਮਾਰ ਜੋ ਸੁਦੇਸ਼ ਹਸਪਤਾਲ ਦੇ ਨਾਮ ਹੇਠ ਇਕ ਨਿਜੀ ਕਲੀਨਿਕ ਤੇ ਹਸਪਤਾਲ ਚਲਾ ਰਹੇ ਹਨ ਉਨ੍ਹਾਂ ਵਲੋਂ 1975 ਤੋਂ ਲੈ ਕੇ ਹੁਣ ਤਕ ਲੋਕਾਂ ਨੂੰ ਸਿਰਫ਼ ਤੇ ਸਿਰਫ਼ ਨਾ ਮਾਤਰ ਰੇਟ ਉੱਤੇ ਹੀ ਦਵਾਈਆਂ ਦਿਤੀਆਂ ਜਾਂਦੀਆਂ ਹਨ। ਇਸ ਸਬੰਧੀ ਜਦੋਂ ਡਾਕਟਰ ਸੁਦੇਸ਼ ਕੁਮਾਰ ਨਾਲ ਗੱਲਬਾਤ ਕੀਤੀ

ਤਾਂ ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਐਮ.ਬੀ.ਬੀ.ਐਸ ਦੀ ਪੜ੍ਹਾਈ ਦੌਰਾਨ ਹੀ ਇਹ ਫ਼ੈਸਲਾ ਕਰ ਲਿਆ ਸੀ ਕਿ ਉਹ ਕਿੱਤੇ ਵਜੋਂ ਡਾਕਟਰ ਦਾ ਕੰਮ ਕਰਨਗੇ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਦਵਾਈਆਂ ਦੇਣਗੇ ਅਤੇ ਬਾਕੀ ਮਰੀਜ਼ਾਂ ਨੂੰ ਵੀ ਵਾਜਿਬ ਰੇਟ ਉਤੇ ਸਾਰੀਆਂ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਉਹ ਅਪਣੇ ਸੁਪਨੇ ਨੂੰ ਪ੍ਰਮਾਤਮਾ ਦੀ ਆਪਾਰ ਕਿਰਪਾ ਨਾਲ ਨਿਰਸੁਵਾਰਥ ਸਾਕਾਰ ਕਰ ਸਕੇ ਹਨ। 

ਡਾਕਟਰ ਸੁਦੇਸ਼ ਕੁਮਾਰ ਨੇ ਦਸਿਆ ਕਿ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵਲੋਂ ਤਿੰਨ ਚਾਰ ਗੁਣਾ ਪ੍ਰਿੰਟ ਰੇਟ ਵਿਚ ਓਹਲਾ ਰੱਖ ਕੇ ਸੱਚਮੁੱਚ ਹੀ ਮਰੀਜ਼ਾਂ ਦੀ ਲੁੱਟ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਕੰਪਨੀਆਂ ਦੀ ਲੁੱਟ ਵਿਚ ਸਾਥ ਦੇਣ ਵਾਲੇ ਮੈਡੀਕਲ ਸਟੋਰਾਂ ਦੇ ਮਾਲਕ, ਕੈਮਿਸਟ, ਡਾਕਟਰ ਤੇ ਵੱਡੇ ਵੱਡੇ ਹਸਪਤਾਲ ਚਲਾਉਣ ਵਾਲੇ ਵੀ ਬਰਾਬਰ ਦੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਪਣੀ ਸਾਰੀ ਜ਼ਿੰਦਗੀ ਸਾਈਕਲ ’ਤੇ ਹੀ ਕੱਢ ਦਿਤੀ ਹੈ ਅਤੇ ਕੋਈ ਵੀ ਵਾਧੂ ਸ਼ੌਕ ਨਹੀਂ ਪਾਲਿਆ ਜਿਸ ਕਾਰਨ ਉਨ੍ਹਾਂ ਨੂੰ ਸਾਦਾ ਜੀਵਨ ਬਤੀਤ ਕਰਨ ਵਿਚ ਕਿਸੇ ਵੀ ਵਾਧੂ ਖ਼ਰਚੇ ਦੀ ਲੋੜ ਨਹੀਂ ਪੈਂਦੀ ਅਤੇ ਉਹ ਕੰਟਰੋਲ ਰੇਟ ਉਤੇ ਦਵਾਈਆਂ ਵੇਚ ਕੇ ਮਾਣ ਮਹਿਸੂਸ ਕਰਦੇ ਹਨ

ਜਿਸ ਨਾਲ ਉਨ੍ਹਾਂ ਨੇ ਅਪਣੇ ਬੱਚੇ ਵੀ ਉੱਚ ਮੈਡੀਕਲ ਸਿਖਿਅਤ ਕਰਵਾਏ ਹਨ ਅਤੇ ਉਨ੍ਹਾਂ ਦੇ ਬੇਟੇ ਅਤੇ ਨੂੰਹਾਂ ਵੀ ਮੈਡੀਕਲ ਡਿਪਾਰਟਮੈਂਟ ਵਿਚ ਉੱਚ ਅਹੁਦਿਆਂ ’ਤੇ ਸਥਾਪਤ ਹਨ ਅਤੇ ਉਹ ਵੀ ਲੋਕਾਂ ਦੀ ਨਿਰਸਵਾਰਥ ਸੇਵਾ ਕਰ ਰਹੇ ਹਨ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜੇਕਰ ਅਸੀਂ ਲੋੜਵੰਦ ਮਰੀਜ਼ਾਂ ਦੀ ਲੁੱਟ ਕਰ ਕੇ ਅਪਣਾ ਘਰ ਪਾਲਦੇ ਹਾਂ ਤੇ ਸਾਡੀ ਔਲਾਦ ਵੀ ਚੰਗੇ ਆਦਰਸ਼ ਗੁਣਾਂ ਵਾਲੀ ਨਹੀਂ ਬਣਦੀ। 

ਉਨ੍ਹਾਂ ਮੋਦੀਖ਼ਾਨੇ ਬਾਰੇ ਗੱਲ ਕਰਦਿਆਂ ਕਿਹਾ ਕਿ ਚੱਲੋ ਦੇ ਰਾਹੀ ਦਰੁਸਤ ਆਏ ਜੇ ਕੁੱਝ ਸੁਹਿਰਦ ਲੋਕਾਂ ਨੇ ਅਜਿਹਾ ਸੁਚੱਜਾ ਫ਼ੈਸਲਾ ਲਿਆ ਹੈ ਤਾਂ ਉਹ ਵਧਾਈ ਦੇ ਪਾਤਰ ਹਨ ਅਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਨ੍ਹਾਂ ਲੋਕਾਂ ਦਾ ਵੱਧ-ਚੜ੍ਹ ਕੇ ਸਾਥ ਦੇਣ ਤਾਕਿ ਕੰਪਨੀਆਂ ਤੇ ਮੈਡੀਕਲ ਸਟੋਰਾਂ ਵਲੋਂ ਕੀਤੀ ਜਾਂਦੀ ਲੋਕਾਂ ਦੀ ਲੁੱਟ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਹੈਲਥ ਡਿਪਾਰਟਮੈਂਟ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਕੰਪਨੀਆਂ ਵਲੋਂ ਲਾਏ ਜਾਂਦੇ ਪ੍ਰਿੰਟ ਰੇਟਾਂ ਦੇ ’ਤੇ ਸਖ਼ਤ ਕਾਨੂੰਨ ਬਣਾ ਕੇ ਇਕੋ ਹੀ ਰੇਟ ਨਸ਼ਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮੋਦੀਖਾਨਾ ਦਾ ਵਿਰੋਧ ਕਰਨ ਦੀ ਬਜਾਏ ਸਗੋਂ ਖੁਦ ਅਪਣੇ-ਅਪਣੇ ਕਿੱਤੇ ਵਿਚ ਸਿਰਫ ਥੋੜ੍ਹਾ ਜਿਹੇ ਮੁਨਾਫ਼ੇ ’ਤੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਹੀ ਅਸੀਂ ਬਾਬਾ ਨਾਨਕ ਜੀ ਦੇ ਸੱਚੇ ਭਗਤ ਹੋਣ ਦਾ ਦਾਅਵਾ ਕਰ ਸਕਦੇ ਹਨ।