ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਤਿਆਰ ਕੀਤਾ ਪੰਜਾਬੀ ਤੋਂ ਉਰਦੂ ਆਟੋਮੈਟਿਕ ਸਿਸਟਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਸਾਹਿਤ ਨੂੰ ਉਰਦੂ ਵਿਚ ਪੜ੍ਹਨਾ ਹੋਇਆ ਆਸਾਨ

Punjabi University

ਪਟਿਆਲਾ, 13 ਜੁਲਾਈ (ਸੋਪਕਸਮੈਨ ਸਮਾਚਾਰ ਸੇਵਾ): ਪੰਜਾਬ ਦੀ ਮਾਂ ਬੋਲੀ ਪੰਜਾਬੀ ਨੂੰ ਸਮੁੰਹ ਵਿਸ਼ਵ ਦੇ ਕੋਨੇ-ਕੋਨੇ ਵਿਚ ਪਹੁੰਚਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਕ ਹੋਰ ਕਦਮ ਚੁਕਿਆ ਹੈ। ਯੂਨੀਵਰਸਿਟੀ ਦੇ ਪੀ.ਐਚ.ਡੀ. ਵਿਦਿਆਰਥੀ ਨਿਤਿਨ ਬਾਂਸਲ ਵਲੋਂ ਤਿੰਨ ਸਾਲਾਂ ਦੀ ਕਰੜੀ ਮਿਹਨਤ ਨਾਲ ਪੰਜਾਬੀ ਤੋਂ ਉਰਦੂ ਮਸ਼ੀਨ ਟਰਾਂਸਲੇਸ਼ਨ ਸਿਸਟਮ ਹੁਣ ਮਾਂ ਬੋਲੀ ਪੰਜਾਬੀ ਨੂੰ ਉਰਦੂ ਵਿਚ ਤਬਦੀਲ ਕਰ ਸਕੇਗਾ।

ਡਾ. ਅਜੀਤ ਕੁਮਾਰ ਐਸੋਸੀਏਟ ਪ੍ਰੋਫ਼ੈਸਰ ਮੁਲਤਾਨੀ ਮਲ ਮੋਦੀ ਕਾਲਜ ਪਟਿਆਲਾ ਨੇ ਦਸਿਆ ਕਿ ਅਜੇ ਤਕ ਪੰਜਾਬੀ ਤੋਂ ਉਰਦੂ ਵਿਚ ਆਪੇ ਅਨੁਵਾਦ ਕਰਨ ਵਾਲਾ ਇਸ ਤਰ੍ਹਾਂ ਦਾ ਕੋਈ ਵੀ ਸਿਸਟਮ ਨਹੀਂ ਸੀ ਅਤੇ ਜੋ ਗੂਗਲ ਨੇ ਤਿਆਰ ਕੀਤਾ ਹੈ, ਉਸ ਦੀ ਕੁਆਲਿਟੀ ਬਹੁਤ ਘੱਟ ਹੈ। ਉਨ੍ਹਾਂ ਵਲੋਂ ਤਿਆਰ ਕੀਤੇ ਇਸ ਸਿਸਟਮ ਦੀ ਕੁਆਲਿਟੀ ਤਕਰੀਬਨ 82 ਫ਼ੀ ਸਦੀ ਆਈ ਹੈ।

ਨਿਤਿਨ ਬਾਂਸਲ ਨੂੰ ਜਦੋਂ ਉਨ੍ਹਾਂ ਦੇ ਕੰਮ-ਕਾਜ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਦਸਿਆ ਕਿ ਉਹ ਇਸ ਸਮੇਂ ਪੰਜਾਬ ਮੰਡੀ ਬੋਰਡ ਵਿਖੇ ਬਤੌਰ ਪ੍ਰੋਗਰਾਮਰ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਹ ਮਹਿਕਮਾ ਸਾਲ 2011 ਵਿਚ ਬਤੌਰ ਸਹਾਇਕ ਪ੍ਰੋਗਰਾਮਰ ਜੁਆਇਨ ਕੀਤਾ ਸੀ  ਅਤੇ ਇਸ ਸਮੇਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਕਈ ਅਹਿਮ ਈ-ਪ੍ਰਾਜੈਕਟਾਂ ਉਤੇ ਕੰਮ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਜਦੋਂ ਤੋਂ ਉਹ ਪੰਜਾਬ ਮੰਡੀ ਬੋਰਡ ਵਿਚ ਆਏ ਹਨ, ਉਦੋਂ ਤੋਂ ਹੀ ਉਨ੍ਹਾਂ ਦਾ ਮਨ ਇਸ ਪ੍ਰਾਜੈਕਟ ਨੂੰ ਮਿੱਥੇ ਸਮੇਂ ਵਿਚ ਪੂਰਾ ਕਰਨ ਦਾ ਸੀ। ਉਨ੍ਹਾਂ ਦਸਿਆ ਕਿ ਇਸ ਦੇ ਲਈ ਉਨ੍ਹਾਂ ਦੇ ਵਿਭਾਗ ਦੇ ਉੱਚ ਅਧਿਕਾਰੀਆਂ/ਕਰਮਚਾਰੀਆਂ ਦਾ ਵੀ ਸਮੇ-ਸਮੇਂ ਉਤੇ ਸਹਿਯੋਗ ਪ੍ਰਾਪਤ ਹੁੰਦਾ ਰਿਹਾ ਹੈ।