ਅਕਾਲੀਆਂ ਦੇ ਗੜ੍ਹ 'ਚ ਕਾਂਗਰਸ ਦੀ ਐਂਟਰੀ, ਕਈ ਆਗੂਆਂ ਨੇ ਵਰਕਰਾਂ ਸਮੇਤ ਫੜਿਆ ਕਾਂਗਰਸ ਦਾ ਹੱਥ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਅੰਦਰ ਸਿਆਸੀ ਪਾਲੇ ਬਦਲਣ ਦਾ ਦੌਰ ਸ਼ੁਰੂ, ਕਈ ਆਗੂ ਤੇ ਕਲਾਕਾਰ ਦੌੜ 'ਚ ਸ਼ਾਮਲ

Sunil jakhar

ਚੰਡੀਗੜ੍ਹ : ਦੋ ਸਾਲ ਬਾਅਦ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਚੋਣਾਂ ਦਾ ਸਮਾਂ ਜਿਉਂ ਜਿਉਂ ਨੇੜੇ ਆ ਰਿਹਾ ਹੈ, ਸਿਆਸੀ ਆਗੂਆਂ ਨੇ ਅਪਣੀਆਂ ਭਵਿੱਖੀ ਯੋਜਨਾਵਾਂ ਤਹਿਤ ਸਿਆਸੀ ਕਲਾਬਾਜ਼ੀਆਂ ਮਾਰਨੀਆਂ ਸ਼ੁਰੂ ਕਰ ਦਿਤੀਆਂ ਹਨ। ਅਪਣੀਆਂ ਭਵਿੱਖੀ ਸਿਆਸੀ-ਯੋਜਨਾਵਾਂ ਤਹਿਤ ਕਈ ਕਲਾਕਾਰ ਅਤੇ ਸਿਆਸੀ ਆਗੂ ਅਪਣੇ ਸਿਆਸੀ ਟੀਚੇ ਤਹਿਤ ਸਿਆਸੀ ਦਲਾਂ 'ਚ ਪਵੇਸ਼ ਨੂੰ ਪਹਿਲ ਦੇ ਰਹੇ ਹਨ। ਇਸੇ ਦਾ ਸਿੱਟਾ ਹੈ ਕਿ ਪੰਜਾਬ ਅੰਦਰ ਅਪਣੇ ਸਿਆਸੀ ਪਾਲੇ ਬਦਲਣ ਦਾ ਦੌਰ ਹੁਣ ਤੋਂ ਹੀ ਸ਼ੁਰੂ ਹੋ ਗਿਆ ਹੈ।

 

ਪੰਜਾਬ ਅੰਦਰ ਇਸ ਸਮੇਂ ਸਭ ਤੋਂ ਮਾੜੀ ਸਥਿਤੀ ਸ਼੍ਰੋਮਣੀ ਅਕਾਲੀ ਦਲ ਲਈ ਬਣੀ ਹੋਈ ਹੈ। ਇਸ ਨੂੰ ਇਕ ਪਾਸੇ ਅਪਣੀ ਭਾਈਵਾਲ ਪਾਰਟੀ ਭਾਜਪਾ ਦੇ ਤੇਵਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਜੇ ਪਾਸੇ ਸੌਦਾ ਸਾਧ ਨੂੰ ਮੁਆਫ਼ੀ ਦੇਣ ਸਮੇਂ ਸਿੱਖ ਕੌਮ ਨਾਲ ਪਏ ਵਖਰੇਵੇ ਦਾ ਦਰਦ ਮੁੜ-ਮੁੜ ਸਤਾ ਰਿਹਾ ਹੈ। ਹੁਣ ਇਸ ਮੁੱਦੇ ਨੂੰ ਲੈ ਕੇ ਸਰਕਾਰ ਵਲੋਂ ਕਰਵਾਈ ਜਾ ਰਹੀ ਜਾਂਚ ਦੌਰਾਨ ਪਾਰਟੀ ਆਗੂਆਂ ਦੇ ਨਾਮ ਆਉਣ ਨਾਲ ਇਸ ਦੇ ਸਿਆਸੀ ਕੱਦ ਨੂੰ ਹੋਰ ਵੀ ਝਟਕਾ ਲੱਗਾ ਹੈ।

 

ਦੂਜੇ ਪਾਸੇ ਕਾਂਗਰਸ ਸਰਕਾਰ ਵੀ ਅਪਣੇ ਤਿੰਨ ਸਾਲ ਦੇ ਕੰਮਾਂ ਦੀ ਲਿਸਟ ਤਿਆਰ ਕਰ ਕੇ ਲੋਕਾਂ ਨੂੰ ਮੁੜ ਭਰਮਾਉਣ ਦੇ ਰਾਹ ਪਈ ਹੋਈ ਹੈ। ਕਾਂਗਰਸ ਅਕਾਲੀਆਂ ਨੂੰ ਠਿੱਬੀ ਲਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਕਾਂਗਰਸ ਨੇ ਅਕਾਲੀ ਦਲ ਦੇ ਗੜ੍ਹ ਮੰਨੇ ਜਾਂਦੇ ਹਲਕੇ ਫਾਜਿਲਕਾ ਅਤੇ ਜਲਾਲਾਬਾਦ ਅੰਦਰ ਸੰਨ ਮਾਰ ਕੇ ਅਪਣੀ ਮਨਸ਼ਾ ਸਾਫ਼ ਕਰ ਦਿਤੀ ਹੈ। ਇਸ ਤਰ੍ਹਾਂ ਕਾਂਗਰਸ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਹਲਕੇ 'ਚ ਐਂਟਰੀ ਕਰਨ 'ਚ ਕਾਮਯਾਬ ਹੋ ਗਈ ਹੈ। ਇਸ ਦਾ ਪ੍ਰਮਾਣ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਜਲਾਲਾਬਾਦ ਤੇ ਫਾਜ਼ਿਲਕਾ ਤੋਂ ਅਕਾਲੀ ਦਲ ਦੇ ਦਿਗਜ਼ ਆਗੂਆਂ ਨੂੰ ਵਰਕਰਾਂ ਸਮੇਤ ਕਾਂਗਰਸ 'ਚ ਸ਼ਾਮਲ ਕਰਨ ਤੋਂ ਮਿਲਦਾ ਹੈ।

 

ਅੱਜ ਫਾਜ਼ਿਲਕਾ ਤੋਂ ਅਕਾਲੀ ਦਲ ਦੇ ਦਿਗਜ਼ ਆਗੂ ਜਥੇਦਾਰ ਚਰਨ ਸਿੰਘ ਨੇ ਕਾਂਗਰਸ ਦਾ ਹੱਥ ਫੜ ਲਿਆ ਹੈ। ਜਥੇਦਾਰ ਚਰਨ ਸਿੰਘ ਅਕਾਲੀ ਦਲ 'ਚ 25 ਸਾਲ ਤਕ ਸਰਕਲ ਪ੍ਰਧਾਨ ਤੋਂ ਇਲਾਵਾ ਦੋ ਵਾਰ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੀ ਰਹਿ ਚੁੱਕੇ ਹਨ। ਅੱਜ ਜਥੇਦਾਰ ਚਰਨ ਸਿੰਘ ਦੀ ਅਗਵਾਈ 'ਚ ਤੀਹ ਤੋਂ ਪੈਂਤੀ ਅਕਾਲੀ ਵਰਕਰ ਵੀ ਕਾਂਗਰਸ 'ਚ ਸ਼ਾਮਲ ਹੋਏ ਹਨ। ਕਾਂਗਰਸ 'ਚ ਐਂਟਰੀ ਤੋਂ ਬਾਅਦ ਚਰਨ ਸਿੰਘ ਨੇ ਕਿਹਾ ਪੰਜਾਬ ਦੀ ਬਰਬਾਦੀ ਰੋਕਣ ਲਈ ਕਾਂਗਰਸ 'ਚ ਆਇਆ ਹਾਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਪਹਿਲਾਂ ਵਾਲਾ ਨਹੀਂ ਰਹਿ ਗਿਆ। ਇਸ ਸਮੇਂ ਅਕਾਲੀ ਦਲ ਮਹਿਜ਼ 3 ਜੀਆਂ ਦਾ ਰਹਿ ਗਿਆ ਹੈ।

 

ਪੰਜਾਬ ਅੰਦਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੱਡੀ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ ਨੇ ਵੀ ਅਪਣੀਆਂ ਸਿਆਸੀ ਸਰਗਰਮੀਆਂ ਮੁੜ ਵਧਾ ਦਿਤੀਆਂ ਹਨ। ਆਮ ਆਦਮੀ ਪਾਰਟੀ ਅੰਦਰ ਇਕ ਵਾਰ ਫਿਰ ਪਿਛਲੀਆਂ ਚੋਣਾਂ ਤੋਂ ਪਹਿਲਾਂ ਵਾਲਾ ਦੌਰ ਮੁੜ ਆਉਣ ਦੇ ਆਸਾਰ ਬਣਦੇ ਜਾ ਰਹੇ ਹਨ। ਪਿਛਲੇ ਦਿਨੀਂ ਇਕ ਪ੍ਰਸਿੱਧ ਗਾਇਕਾਂ ਨੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਕੇ ਇਸ ਦੀ ਸ਼ੁਰੂਆਤ ਕਰ ਦਿਤੀ ਹੈ। ਭਗਵੰਤ ਮਾਨ ਸਮੇਤ ਦੂਜੇ ਪਾਰਟੀ ਆਗੂ ਇਸ ਤੋਂ ਕਾਫ਼ੀ ਉਤਸ਼ਾਹਤ ਹਨ। ਪਾਰਟੀ ਸੂਤਰਾਂ ਮੁਤਾਬਕ ਆਉਂਦੇ ਦਿਨਾਂ 'ਚ ਇਸ ਦੌੜ 'ਚ ਕਈ ਹੋਰ ਕਲਾਕਾਰਾਂ ਤੋਂ ਇਲਾਵਾ ਸਿਆਸੀ ਆਗੂਆਂ ਦੇ ਸ਼ਾਮਲ ਹੋਣ ਦੇ ਅਸਾਰ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।